ਆਨਲਾਈਨ ਪੜ੍ਹਾਈ ਨਾਲ ਗਰੀਬ ਬੱਚਿਆਂ ਦਾ ਹੋਵੇਗਾ ਨੁਕਸਾਨ: ਭਾਨ ਸਿੰਘ ਜੱਸੀ
Tuesday, Apr 21, 2020 - 10:13 AM (IST)
ਬਰਨਾਲਾ (ਵਿਵੇਕ ਸਿੰਧਵਾਨੀ): ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਸਕੂਲਾਂ ਨੂੰ ਬੰਦ ਰੱਖੇ ਜਾਣਾ ਬੇਸ਼ੱਕ ਚੰਗਾ ਕਦਮ ਹੈ ਪਰ ਇਸ ਸਮੇਂ ਦੌਰਾਨ ਸਿੱਖਿਆ ਮਹਿਕਮੇ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦਾ ਫੁਰਮਾਨ ਗਰੀਬ ਲੋਕਾਂ ਦੇ ਬੱਚਿਆਂ ਦੇ ਹਿੱਤ 'ਚ ਨਹੀਂ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਪੰਜਾਬ ਦੇ ਪ੍ਰਧਾਨ ਸਟੇਟ ਐਵਾਰਡੀ ਸ. ਭਾਨ ਸਿੰਘ ਜੱਸੀ ਨੇ ਕਿਹਾ ਕਿ ਝੁੱਗੀਆਂ ਝੌਂਪੜੀਆਂ, ਸਲਮ ਖੇਤਰਾਂ ਅਤੇ ਪਿੰਡਾਂ ਸ਼ਹਿਰਾਂ 'ਚ ਵੱਸਦੇ ਹਜ਼ਾਰਾਂ ਗਰੀਬ ਮਾਪਿਆਂ ਦੇ ਬੱਚੇ ਆਨਲਾਈਨ ਪੜ੍ਹਾਈ ਨਹੀਂ ਕਰ ਸਕਣਗੇ, ਕਿਉਂਕਿ ਉਨ੍ਹਾਂ ਬਹੁਤੇ ਬੱਚਿਆਂ ਕੋਲ ਟਚ ਫੋਨ ਨਹੀਂ ਹਨ।
ਇਹ ਵੀ ਪੜ੍ਹੋ: ਕੋਰੋਨਾ ਵਿਰੁੱਧ ਜੰਗ 'ਚ ਡਟੇ ਯੋਧਿਆਂ ਦੇ ਬੱਚਿਆਂ ਲਈ ਇਸ ਯੂਨੀਵਰਸਿਟੀ ਨੇ ਕੀਤਾ ਵਿਸ਼ੇਸ਼ ਐਲਾਨ
ਸਮਾਜ ਸੇਵੀ ਸ :ਭਾਨ ਸਿੰਘ ਜੱਸੀ ਨੇ ਪੰਜਾਬ ਦੇ ਪੰਜ ਜ਼ਿਲਿਆਂ 'ਚ ਝੁੱਗੀਆਂ 'ਚ ਰਹਿਣ ਵਾਲੇ ਗਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਕਿਹਾ ਕਿ ਝੁੱਗੀਆਂ ਵਿੱਚ ਰਹਿਣ ਵਾਲੇ ਅਤੇ ਹੋਰ ਗ਼ਰੀਬ ਲੋਕ ਪਹਿਲਾਂ ਦਿਹਾੜੀ ਕਰਕੇ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਲੈਂਦੇ ਸਨ ਪਰ ਕਰਫਿਊ ਲੱਗ ਜਾਣ ਕਾਰਨ ਹੁਣ ਉਨ੍ਹਾਂ ਦੀ ਦਿਹਾੜੀ ਬੰਦ ਹੋ ਗਈ ਹੈ। ਭੁੱਖੇ ਪੇਟ ਦੀ ਅੱਗ ਬੁਝਾਉਣ ਖਾਤਰ ਹੁਣ ਉਹ ਦੋ ਡੰਗ ਦੀ ਰੋਟੀ ਲਈ ਦੂਜੇ ਦੇ ਹੱਥਾਂ ਵਲ ਝਾਕਣ ਲਈ ਮਜਬੂਰ ਹਨ ।ਅੰਤ 'ਚ ਸਮਾਜ ਸੇਵੀ ਸ: ਭਾਨ ਸਿੰਘ ਜੱਸੀ ਨੇ ਮੰਗ ਕੀਤੀ ਕਿ ਸਿੱਖਿਆ ਮਹਿਕਮਾ ਝੁੱਗੀਆਂ ਝੌਂਪੜੀਆਂ ਸਲਮ ਖੇਤਰਾਂ ਅਤੇ ਪੰਜਾਬ 'ਚ ਰਹਿੰਦੇ ਹੋਰਨਾ ਗ਼ਰੀਬਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਲਈ ਟਚ ਫੋਨ ਮੁਹੱਈਆ ਕਰਵਾਏ ਜਾਂ ਫਿਰ ਸਾਂਝੇ ਤੌਰ 'ਤੇ ਉਨ੍ਹਾਂ ਦੀ ਪੜ੍ਹਾਈ ਦਾ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਨ੍ਹਾਂ ਬੱਚਿਆਂ ਨੂੰ ਵੀ ਬਰਾਬਰ ਪੜ੍ਹਾਈ ਕਰਨ ਦਾ ਮੌਕਾ ਮਿਲ ਸਕੇ।