ਚੰਡੀਗੜ੍ਹ ਦੇ ਲੋਕਾਂ ਨੂੰ ਮਿਲੇਗਾ ਸਸਤਾ ''ਪਿਆਜ'', ਲਾਏ ਜਾਣਗੇ ਸਟਾਲ

01/03/2020 11:00:35 AM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਪਿਆਜ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਦੇ ਫੂਡ ਤੇ ਸਪਲਾਈ ਵਿਭਾਗ ਵਲੋਂ ਇਸੇ ਹਫਤੇ ਸਟਾਲ ਲਾਇਆ ਜਾ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਨੂੰ 2-4 ਦਿਨਾਂ 'ਚ ਇਕ ਟਰੱਕ ਪਿਆਜ ਪਹੁੰਚ ਜਾਵੇਗਾ। ਦੱਸ ਦੇਈਏ ਕਿ ਵਿਭਾਗ ਨੇ ਕੇਂਦਰ ਤੋਂ 250 ਕੁਇੰਟਲ ਪਿਆਜ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰਾਲੇ ਨਾਲ ਹੋਈ ਵੀਡੀਓ ਕਾਨਫਰੰਸਿੰਗ 'ਚ ਵੀ ਪਿਆਜ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ਨੇ ਪ੍ਰਸ਼ਾਸਨ ਨੂੰ ਸਸਤਾ ਪਿਆਜ ਮੁਹੱਈਆ ਕਰਾਉਣ ਦਾ ਭਰੋਸਾ ਦੁਆਇਆ ਸੀ। ਇਸ ਸਬੰਧ 'ਚ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 2-4 ਦਿਨਾਂ 'ਚ ਉਨ੍ਹਾਂ ਕੋਲ 250 ਕੁਇੰਟਲ ਪਿਆਜਾਂ ਨਾਲ ਭਰਿਆ ਟਰੱਕ ਪਹੁੰਚ ਜਾਵੇਗਾ। ਇਹ ਪਿਆਜ ਮਿਲਦੇ ਹੀ ਲੋਕਾਂ ਲਈ ਸਸਤੇ ਭਾਅ 'ਤੇ ਸਟਾਲ ਲਾ ਕੇ ਪਿਆਜ ਵੇਚੇ ਜਾਣਗੇ। ਪਿਆਜ ਦੀਆਂ ਕੀਮਤਾਂ 'ਚ ਪਹਿਲਾਂ ਹੀ ਥੋੜ੍ਹੀ ਕਮੀ ਆ ਗਈ ਹੈ, ਜਦੋਂ ਕਿ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਨੂੰ 50 ਤੋਂ 55 ਰੁਪਏ ਕਿੱਲੋ ਤੱਕ ਪਿਆਜ ਵੇਚੇ ਜਾਣ। ਇਸ ਦੇ ਮਾਰਕਿਟ ਰੇਟ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਇਸ ਨੂੰ ਘੱਟ ਰੇਟ 'ਤੇ ਵੇਚਣ ਸਬੰਧੀ ਵਿਚਾਰ ਕੀਤਾ ਜਾ ਸਕਦਾ ਹੈ।
ਮਾਰਕਿਟ 'ਚ ਰੇਟ ਅਜੇ ਵੀ ਜ਼ਿਆਦਾ
ਵੀਰਵਾਰ ਨੂੰ ਸ਼ਹਿਰ 'ਚ ਨਾਸਿਕ ਤੋਂ ਆਉਣ ਵਾਲਾ ਪਿਆਜ ਵੀ 65 ਤੋਂ 70 ਰੁਪਏ ਕਿੱਲੋ ਵਿਕ ਰਿਹਾ ਹੈ, ਜੋ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੈ, ਹਾਲਾਂਕਿ ਰੋਜ਼ਾਨਾ ਇਸ ਦੇ ਰੇਟ 'ਚ ਕਮੀ ਅਤੇ ਵਾਧਾ ਹੁੰਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਤਾਂ ਪਿਆਜ ਦੀਆਂ ਕੀਮਤਾਂ ਨੇ 100 ਦਾ ਆਂਕੜਾ ਵੀ ਪਾਰ ਕਰ ਲਿਆ ਸੀ, ਜਿਸ ਤੋਂ ਬਾਅਦ ਹੀ ਪ੍ਰਸ਼ਾਸਨ ਨੇ ਮੰਡੀ ਦੇ ਕਾਰੋਬਾਰੀਆਂ ਖਿਲਾਫ ਵੀ ਜਮ੍ਹਾਂਖੋਰੀ ਨੂੰ ਲੈ ਕੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਵਿਭਾਗ ਨੇ ਪਿਆਜ ਦੀ ਖਰੀਦੋ-ਫਰੋਖਤ ਦਾ ਬਿਓਰਾ ਨਹੀਂ ਦਿੱਤੇ ਜਾਣ ਨੂੰ ਲੈ ਕੇ ਹੀ ਕਾਰਵਾਈ ਕੀਤੀ ਸੀ ਅਤੇ ਅਜਿਹੀਆਂ ਸਾਰੀਆਂ ਫਰਮਾਂ ਦੀ ਸੂਚੀ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ।


Babita

Content Editor

Related News