ਜੈਤੋ ਮੁੱਖ ਮਾਰਗ 'ਤੇ ਵਾਪਰਿਆ ਹਾਦਸਾ, ਇਕ ਨੌਜਵਾਨ ਦੀ ਮੌਤ ਤੇ ਇਕ ਜ਼ਖ਼ਮੀ

Thursday, Oct 29, 2020 - 04:05 PM (IST)

ਜੈਤੋ ਮੁੱਖ ਮਾਰਗ 'ਤੇ ਵਾਪਰਿਆ ਹਾਦਸਾ, ਇਕ ਨੌਜਵਾਨ ਦੀ ਮੌਤ ਤੇ ਇਕ ਜ਼ਖ਼ਮੀ

ਜੈਤੋ (ਗੁਰਮੀਤਪਾਲ) : ਜੈਤੋ-ਬਾਜਾਖਾਨਾ ਮੁੱਖ ਮਾਰਗ 'ਤੇ ਰਾਤ ਕਰੀਬ 7:30 ਵਜੇ ਹੋਏ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ਸੇਢਾ ਸਿੰਘ ਵਾਲਾ ਦਾ ਵਸਨੀਕ ਲਾਭ ਸਿੰਘ (26) ਪੁੱਤਰ ਗੋਰਾ ਸਿੰਘ ਆਪਣੀ ਸਾਥੀ ਗੁਰਵਿੰਦਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਜੈਤੋ ਸਮੇਤ ਮੋਟਰਸਾਈਕਲ 'ਤੇ ਜੈਤੋ ਤੋਂ ਆਪਣੀ ਫ਼ੋਟੋਗ੍ਰਾਫ਼ੀ ਦੀ ਦੁਕਾਨ ਬੰਦ ਕਰ ਕੇ ਆਪਣੇ ਪਿੰਡ ਸੇਢਾ ਸਿੰਘ ਵਿਖੇ ਜਾ ਰਿਹਾ ਸੀ। ਸੁਖਬੀਰ ਐਗਰੋ ਐਨਰਜੀ ਕੋਲ ਪੁੱਜ ਕੇ ਪਰਾਲੀ ਦੀਆਂ ਗੱਠਾਂ ਨਾਲ ਲੱਦਿਆ ਹੋਇਆ ਇਕ ਟਰੈਕਟਰ-ਟਰਾਲੇ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਅਚਾਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਦੋਵੇਂ ਮੋਟਰਸਾਈਕਲ ਸਵਾਰਾਂ ਦੇ ਗੰਭੀਰ ਸੱਟਾਂ ਵੱਜੀਆਂ ਅਤੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਲਾਭ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਉਸਦੇ ਸਾਥੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਜੈਤੋ ਵਿਖੇ ਲਿਜਾਇਆ ਗਿਆ। ਮ੍ਰਿਤਕ ਲਾਭ ਸਿੰਘ ਮਾਪਿਆ ਦਾ ਇਕਲੌਤਾ ਪੁੱਤਰ ਸੀ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਸ਼ਹਿਰ ਦੇ ਤਿੰਨ ਵੱਡੇ ਹਸਪਤਾਲ ਦੀ ਲਾਪਰਵਾਹੀ ਕਾਰਨ ਲੜਕੀ ਦੀ ਮੌਤ

PunjabKesari

ਮ੍ਰਿਤਕ ਲਾਭ ਸਿੰਘ ਆਪਣੇ ਪਿੱਛੇ ਘਰ ਵਿੱਚ ਵਿਧਵਾ ਮਾਂ ਅਤੇ ਪਤਨੀ ਛੱਡ ਗਿਆ ਹੈ। ਜਿਸ ਦਾ ਦੋ ਸਾਲ ਪਹਿਲਾ ਵਿਆਹ ਹੋਇਆ ਸੀ ਅਤੇ ਪਤਨੀ ਦੇ ਬੱਚਾ ਹੋਣ ਵਾਲਾ ਹੈ। ਮੌਕੇ 'ਤੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਹੈ ਝੋਨੇ ਦਾ ਸੀਜ਼ਨ ਹੋਣ ਕਾਰਨ ਸੁਖਬੀਰ ਐਗਰੋ ਐਨਰਜੀ ਵੱਲੋਂ ਲੋਡਿੰਗ ਵਹੀਕਲਾਂ ਲਈ ਕੋਈ ਪਾਰਕਿੰਗ ਦਾ ਯੋਗ ਪ੍ਰਬੰਧ ਨਹੀਂ ਹੈ ਅਤੇ ਸੜਕ ਦੇ ਇਕ ਪਾਸੇ ਪਰਾਲੀ ਦੀਆਂ ਗੱਠਾਂ ਨਾਲ ਲੱਦੀਆਂ ਹੋਈਆਂ ਓਵਰਲੋਡ ਟਰਾਲੀਆਂ ਖੜ੍ਹੀਆਂ ਹੁੰਦੀਆਂ ਹਨ, ਜੋ ਟ੍ਰੈਫਿਕ ਪੁਲਸ ਮਹਿਕਮੇ 'ਤੇ ਪ੍ਰਸ਼ਨ ਚਿੰਨ੍ਹ ਲਗਾਉਦੀਆਂ ਹਨ। ਘਟਨਾ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਆਵਾਜਾਈ ਰੋਕ ਕੇ ਨਾਅਰੇਬਾਜ਼ੀ ਕਰਦਿਆਂ ਸੁਖਬੀਰ ਐਗਰੋ ਦੇ ਪ੍ਰਬੰਧਕਾਂ ਵਿਰੁੱਧ ਰੋਸ ਵਿਖਾਵਾ ਕੀਤਾ ਅਤੇ ਟ੍ਰੈਕਟਰ ਮਾਲਕ ਸਮੇਤ ਪਾਵਰ ਪਲਾਂਟ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਪਰਿਵਾਰ ਵੱਲੋਂ ਸੁਖਬੀਰ ਐਗਰੋ ਐਨਰਜੀ ਦੇ ਮੁੱਖ ਗੇਟ 'ਤੇ ਧਰਨਾ ਜਾਰੀ ਸੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਦ ਤੱਕ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਸ ਸਮੇਂ ਤੱਕ ਲਾਭ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮਨਸਾ ਦੇਵੀ ਗਾਊਧਾਮ 'ਚ 80 ਗਊਆਂ ਦੀ ਮੌਤ, ਫੂਡ ਪੁਆਇਜ਼ਨਿੰਗ ਦਾ ਸ਼ੱਕ     


author

Anuradha

Content Editor

Related News