ਬੀਬਾ ਰਾਜੋਆਣਾ ਨੂੰ ਪਾਈ ਗਈ ਇਕ-ਇਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਹੋਵੇਗੀ : ਸੁਖਬੀਰ ਬਾਦਲ

Tuesday, Jun 14, 2022 - 10:51 AM (IST)

ਬੀਬਾ ਰਾਜੋਆਣਾ ਨੂੰ ਪਾਈ ਗਈ ਇਕ-ਇਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਹੋਵੇਗੀ : ਸੁਖਬੀਰ ਬਾਦਲ

ਸੰਗਰੂਰ (ਬੇਦੀ, ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਦੇ ਲੋਕਾਂ ਨੂੰ ਛੱਡ ਦਿੱਤਾ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਉਨ੍ਹਾਂ ਦੀ ਪਾਰਲੀਮੈਂਟ ਸੀਟ ’ਤੇ ਲੋਕ ਆਉਂਦੀ ਉਪ ਚੋਣ ਲਈ ਆਮ ਆਦਮੀ ਪਾਰਟੀ ਦਾ ਚੋਣ ਦਫ਼ਤਰ ਖੋਲ੍ਹਣ ਦਾ ਵਿਰੋਧ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਦਿੜਬਾ ਹਲਕੇ ਦੇ ਪਿੰਡਾਂ ਬਘਰੌਲ, ਕੋਹਾਡੀਆਂ, ਖਡਿਆਲ, ਛਾਜਲੀ, ਧਰਮਗੜ੍ਹ ਤੇ ਰੱਤਾ ਖੇੜਾ ’ਚ ਪਾਰਟੀ ਦੇ ਪੰਥਕ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ’ਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ : ਬੀਬੀ ਰਾਜੋਆਣਾ

ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਉਸੇ ਤਰੀਕੇ ਮੂਰਖ ਬਣਾਇਆ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ। ਉਨ੍ਹਾਂ ਕਿਹਾ ਕਿ ਇਹ ਕਦੇ ਸੋਚਣਾ ਵੀ ਨਾ ਕਿ ਔਰਤਾਂ ਨੂੰ ਕੀਤੇ ਵਾਅਦੇ ਅਨੁਸਾਰ 1000 ਰੁਪਏ ਪ੍ਰਤੀ ਮਹੀਨਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਵੀ ਸਿਰੇ ਨਹੀਂ ਚੜ੍ਹਨਾ। ਉਨ੍ਹਾਂ ਕਿਹਾ ਕਿ  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਆਟਾ ਦਾਲ ਸਕੀਮ, ਸ਼ਗਨ ਸਕੀਮ ਤੋਂ ਇਲਾਵਾ ਬੁਢਾਪਾ ਪੈਨਸ਼ਨਾਂ ਸਮੇਤ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ‘ਆਪ’ ਸਰਕਾਰ ਨੇ ਕੁਝ ਨਹੀਂ ਕੀਤਾ ਅਤੇ ਸੂਬੇ ਨੂੰ ਤਬਾਹੀ ਦੇ ਕੰਢੇ ਲੈ ਆਉਂਦਾ ਹੈ ਜਿੱਥੇ ਅਮਨ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੀਬਾ ਰਾਜੋਆਣਾ ਨੂੰ ਪਾਈ ਗਈ ਇਕ-ਇਕ ਵੋਟ ਉਨ੍ਹਾਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਹੋਵੇਗੀ ਜੋ ਆਪਣੀਆਂ ਉਮਰ ਕੈਦਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ’ਚ ਬੰਦ ਹਨ।

ਇਹ ਵੀ ਪੜ੍ਹੋ- 'ਆਪ' ’ਤੇ ਉਂਗਲਾਂ ਚੁੱਕਣ ਵਾਲਿਆਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ: ਗੁਰਮੀਤ ਖੁੱਡੀਆਂ

ਇਸ ਮੌਕੇ ਬੀਬਾ ਰਾਜੋਆਣਾ ਨੇ ਆਪਣੇ ਭਾਵੁਕ ਭਾਸ਼ਣ ’ਚ ਪੰਜਾਬੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਨ੍ਹਾਂ ਦੀ ਡਟਵੀਂ ਹਮਾਇਤ ਕਰਨ ਦੀ ਅਪੀਲ ਕੀਤੀ। ਬੀਬਾ ਰਾਜੋਆਣਾ ਦੇ ਚੋਣਾਂ ਸਬੰਧੀ ਪੋਸਟਰ ਬਾਰੇ ਸਵਾਲ ਦੇ ਜਵਾਬ ’ਚ ਬਾਦਲ ਨੇ ਕਿਹਾ ਕਿ ਇਹ ਅਕਾਲੀ ਦਲ ਅਤੇ ਬਸਪਾ ਗਠਜੋੜ 'ਤੇ ਪੰਥਕ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਪੋਸਟਰਾਂ ’ਚ ਸਿਰਫ਼ ਬੰਦੀ ਸਿੰਘਾਂ ਦੀ ਰਿਹਾਈ ਨੂੰ ਉਜਾਗਰ ਕੀਤਾ ਜਾਵੇਗਾ। ਇਸ ਸਮੇਂ ਦਿੜ੍ਹਬਾ ਤੋਂ ਅਕਾਲੀ ਆਗੂ ਗੁਲਜ਼ਾਰ ਮੂਨਕ, ਗੁਲਜ਼ਾਰ ਸਿੰਘ ਰਣੀਕੇ, ਬਲਦੇਵ ਮਾਨ, ਸੁਰਜੀਤ ਸਿੰਘ ਰੱਖੜਾ, ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਸੁਨੀਤਾ ਚੌਧਰੀ ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵੀ ਸੰਬੋਧਨ ਕੀਤਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News