ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦਾ ਖੁੱਲ੍ਹਿਆ ਸਟੇਅਰਿੰਗ, ਵਾਪਰ ਗਿਆ ਵੱਡਾ ਹਾਦਸਾ

03/13/2023 12:04:23 PM

ਤਲਵੰਡੀ ਸਾਬੋ (ਮੁਨੀਸ਼) : ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦੇ ਸ਼ਹਿਰ ’ਚੋਂ ਨਿਕਲਦਿਆਂ ਹੀ ਬਠਿੰਡਾ ਰੋਡ ’ਤੇ ਹਾਦਸਾਗ੍ਰਸਤ ਹੋਣ ਕਾਰਨ ਜਿੱਥੇ ਇਕ ਸ਼ਰਧਾਲੂ ਦੀ ਮੌਤ ਹੋਣ ਦੀ ਦੁਖ਼ਦਾਈ ਖਬਰ ਸਾਹਮਣੇ ਆਈ ਹੈ, ਉੱਥੇ ਇਕ ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਪਤਾ ਲੱਗਦਿਆਂ ਹੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਪੁੱਜ ਕੇ ਜ਼ਖ਼ਮੀਆਂ ਦੀ ਬਣਦੀ ਮਦਦ ਆਰੰਭ ਦਿੱਤੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਗੁਰੂਹਰਸਹਾਏ ਲਾਗਲੇ ਪਿੰਡ ਤੱਲੇਵਾਲ ਦੇ ਸ਼ਰਧਾਲੂ ਇਕ ਸਕੂਲੀ ਬੱਸ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਆਏ ਸਨ। ਮੱਥਾ ਟੇਕਣ ਉਪਰੰਤ ਵਾਪਸੀ ਸਮੇਂ ਸ਼ਹਿਰ ’ਚੋਂ ਨਿਕਲਦਿਆਂ ਹੀ ਬਠਿੰਡਾ ਰੋਡ ’ਤੇ ਸ਼ਰਧਾਲੂਆਂ ਦੀ ਬੱਸ ਦਾ ਸਟੇਅਰਿੰਗ ਖੁੱਲ੍ਹਣ ਕਾਰਨ ਬੇਕਾਬੂ ਹੋ ਕੇ ਇਕ ਦਰੱਖ਼ਤ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ- ਕਾਲ ਬਣ ਕੇ ਆਏ ਪਸ਼ੂ ਨੇ ਤਬਾਹ ਕਰ ਦਿੱਤਾ ਪਰਿਵਾਰ, ਤੜਫ-ਤੜਫ ਕੇ ਹੋਈ ਨੌਜਵਾਨ ਦੀ ਮੌਤ

ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ, ਜਿੱਥੇ ਇਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਤਵੰਤ ਸਿੰਘ (70) ਪੁੱਤਰ ਜੋਗਿੰਦਰ ਸਿੰਘ ਵਾਸੀ ਤੱਲੇਵਾਲ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ ਮਨਦੀਪ ਕੌਰ (19) ਪਤਨੀ ਦਵਿੰਦਰ ਸਿੰਘ,ਅਮਨ (35) ਪਤਨੀ ਅਜੀਤ ਸਿੰਘ, ਪਰਮਜੀਤ ਕੌਰ (40) ਪਤਨੀ ਸਤਨਾਮ ਸਿੰਘ,ਆਸ਼ਾ ਰਾਣੀ (47) ਪਤਨੀ ਬਲਵਿੰਦਰ ਸਿੰਘ, ਰੋਣ ਚੰਦ (62) ਪੁੱਤਰ ਸਈਆ ਰਾਮ ਤੋਂ ਇਲਾਵਾ ਦੋ ਬੱਚੇ ਮਨਿੰਦਰ ਸਿੰਘ (13) ਪੁੱਤਰ ਜਗਸੀਰ ਸਿੰਘ ਅਤੇ ਰਾਜਵੀਰ ਸਿੰਘ (10) ਪੁੱਤਰ ਗੁਰਦੇਵ ਸਿੰਘ ਦੇ ਨਾਂ ਸ਼ਾਮਲ ਦੱਸੇ ਗਏ ਹਨ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ : SIT ਨੇ ਜਾਰੀ ਕੀਤਾ ਵਟਸਐਪ ਨੰਬਰ ਤੇ ਈ-ਮੇਲ, ਲੋਕਾਂ ਨੂੰ ਕੀਤੀ ਇਹ ਅਪੀਲ

ਉੱਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਸਿਵਲ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਾਮ ਸਮੇਂ ਮੈਨੇਜਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਦਾ ਮੁੱਢਲਾ ਇਲਾਜ ਕਰਵਾ ਦੇਣ ਉਪਰੰਤ ਛੁੱਟੀ ਮਿਲਣ ’ਤੇ ਤਖ਼ਤ ਸਾਹਿਬ ਦੀਆਂ ਗੱਡੀਆਂ ਰਾਹੀਂ ਸਾਰੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪਿੰਡ ਵੱਲ ਰਵਾਨਾ ਕਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News