ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ''ਤੇ ਇਕ ਯਾਤਰੀ 426 ਗ੍ਰਾਮ ਸੋਨੇ ਸਮੇਤ ਕਾਬੂ
Tuesday, Jul 11, 2017 - 05:38 AM (IST)
ਚੰਡੀਗੜ੍ਹ, (ਲਲਨ)- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਇਕ ਯਾਤਰੀ ਨੂੰ 426 ਗ੍ਰਾਮ ਸੋਨੇ ਨਾਲ ਕਾਬੂ ਕੀਤਾ ਗਿਆ ਹੈ। ਇਹ ਯਾਤਰੀ ਦੁਬਈ ਤੋਂ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿਚ ਚੰਡੀਗੜ੍ਹ ਪਹੁੰਚਿਆ ਸੀ। ਕਸਟਮ ਵਿਭਾਗ ਦੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਡੀ. ਆਰ. ਆਈ. ਨੇ ਇਹ ਕਾਰਵਾਈ ਕੀਤੀ।
ਮਿਲੀ ਜਾਣਕਾਰੀ ਮੁਤਾਬਿਕ ਇਸ ਵਿਅਕਤੀ 'ਤੇ ਡੀ. ਆਰ. ਆਈ. ਦੀ ਕਾਫੀ ਸਮੇਂ ਤੋਂ ਨਜ਼ਰ ਸੀ। ਜਦ ਇਹ ਵਿਅਕਤੀ ਦੁਬਈ ਏਅਰਪੋਰਟ ਤੋਂ ਚੰਡੀਗੜ੍ਹ ਦੀ ਫਲਾਈਟ ਵਿਚ ਬੈਠਿਆ ਸੀ ਤਾਂ ਇਸ ਦੀ ਜਾਣਕਾਰੀ ਡੀ. ਆਰ. ਆਈ. ਨੂੰ ਪਹਿਲਾਂ ਹੀ ਮਿਲ ਗਈ ਸੀ, ਜਿਸ ਤੋਂ ਬਾਅਦ ਏਅਰਪੋਰਟ 'ਤੇ ਡੀ. ਆਰ. ਆਈ. ਤੇ ਕਸਟਮ ਵਿਭਾਗ ਨੇ ਮਿਲ ਕੇ ਕਾਰਵਾਈ ਕੀਤੀ।
ਮੁਲਜ਼ਮ ਦੀ ਪਹਿਚਾਣ ਇੰਦੌਰ ਨਿਵਾਸੀ ਦੀਪਕ ਕੁਮਾਰ ਧਰਵਾਨੀ ਦੇ ਰੂਪ ਵਿਚ ਹੋਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਰੀਬ ਦੋ ਘੰਟੇ ਏਅਰਪੋਰਟ 'ਤੇ ਮੁਲਜ਼ਮ ਤੋਂ ਪੁੱਛਗਿਛ ਕੀਤੀ।
ਮੁਲਜ਼ਮ ਨਾਲ ਕੁਝ ਹੋਰ ਲੋਕ ਵੀ ਸਨ, ਜਿਨ੍ਹਾ ਨੂੰ ਕਸਟਮ ਵਿਭਾਗ ਨੇ ਜਾਣ
ਦਿੱਤਾ। ਸੂਤਰਾਂ ਮੁਤਾਬਿਕ ਮੁਲਜ਼ਮ ਪਹਿਲਾਂ ਵੀ ਸੋਨੇ ਦੀ ਸਮੱਗਲਿੰਗ ਕਰਦਾ
ਰਿਹਾ ਹੈ।
