ਤਰਨਤਾਰਨ ''ਚ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ-ਟਰਾਲੀ ਨਾਲ ਟੱਕਰ ਹੋਣ ’ਤੇ ਜੁੜਵਾਂ ਭੈਣਾਂ ''ਚੋਂ ਇਕ ਦੀ ਮੌਤ
Friday, Sep 16, 2022 - 05:05 PM (IST)
ਤਰਨਤਾਰਨ (ਰਮਨ) - ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਬਨਵਾਲੀਪੁਰ ਦੀਆਂ ਰਹਿਣ ਵਾਲੀਆਂ ਐਕਟਿਵਾ ਸਵਾਰ ਜੁੜਵਾ ਭੈਣਾਂ ਦੀ ਅੱਜ ਪਿੰਡ ਸੇਰੋਂ ਨੇੜੇ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟੱਕਰ ਦੌਰਾਨ ਇਕ ਭੈਣ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ
ਘਟਨਾ ਸਥਾਨ 'ਤੇ ਪਹੁੰਚੇ ਥਾਣਾ ਸਰਹਾਲੀ ਅਧੀਨ ਆਉਂਦੀ ਪੁਲਸ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਮੁਖੀ ਏ.ਐੱਸ.ਆਈ. ਜਸਪ੍ਰੀਤ ਨੇ ਦੱਸਿਆ ਕਿ 22 ਸਾਲਾ ਸੁਮਨਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਪੁੱਤਰੀ ਬੁੱਧ ਸਿੰਘ ਵਾਸੀ ਬਨਵਾਲੀਪੁਰ ਐਕਟਿਵਾ ਪੀ.ਬੀ.02ਡੀ.ਏ.2981 'ਤੇ ਕਿਸੇ ਕੰਮ ਲਈ ਜਾ ਰਹੀਆਂ ਸਨ। ਜਦ ਉਹ ਪਿੰਡ ਸ਼ੇਰੌ ਨੇੜੇ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਦੌਰਾਨ ਦੋਵੇਂ ਭੈਣਾਂ ਐਕਟਿਵਾ ਸਮੇਤ ਸੜਕ ਕਿਨਾਰੇ ਡਿੱਗ ਪਈਆਂ। ਸੁਮਨਪ੍ਰੀਤ ਕੌਰ ਦੇ ਸਿਰ ਨੂੰ ਟਰੈਕਟਰ-ਟਰਾਲੀ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਮਨਪ੍ਰੀਤ ਕੌਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ।
ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ
ਜ਼ਖ਼ਮੀ ਹਾਲਤ ’ਚ ਮਨਪ੍ਰੀਤ ਕੌਰ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਦਾ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।