ਇੰਦਰਜੀਤ ਤੋਂ ਇਕ ਹੋਰ ਏ. ਕੇ. 47 ਰਾਈਫਲ ਬਰਾਮਦ, ਇੰਦਰਜੀਤ ਦੇ ਘਰ ''ਤੇ ਸਾਢੇ 3 ਘੰਟੇ ਤਕ ਚੱਲੀ ਕਾਰਵਾਈ
Thursday, Jun 15, 2017 - 06:42 AM (IST)
ਅੰਮ੍ਰਿਤਸਰ/ਜਲੰਧਰ/ਚੰਡੀਗੜ੍ਹ (ਸੰਜੀਵ, ਪ੍ਰੀਤ) - ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਮੋਹਾਲੀ ਅਤੇ ਅੰਮ੍ਰਿਤਸਰ ਦੀ ਟੀਮ ਨੇ ਅੱਜ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਜੱਦੀ ਘਰ 'ਤੇ ਛਾਪੇਮਾਰੀ ਕੀਤੀ। ਮੋਹਾਲੀ ਦੀ ਟੀਮ ਇੰਦਰਜੀਤ ਨੂੰ ਆਪਣੇ ਨਾਲ ਲੈ ਕੇ ਆਈ ਸੀ ਅਤੇ ਸੀਲ ਕੀਤੇ ਗਏ ਉਸ ਦੇ ਘਰ 'ਤੇ ਲੱਗੇ ਤਾਲੇ ਨੂੰ 11.39 ਵਜੇ ਹਥੌੜੇ ਨਾਲ ਤੋੜਿਆ ਗਿਆ ਤੇ ਉਸ ਦੇ ਬਾਅਦ 11.47 'ਤੇ ਟੀਮ ਇੰਦਰਜੀਤ ਦੇ ਘਰ ਦਾਖਲ ਹੋਈ।
ਲਗਭਗ ਸਾਢੇ 3 ਘੰਟੇ ਚੱਲੀ ਜਾਂਚ ਦੌਰਾਨ ਐੱਸ. ਟੀ. ਐੱਫ. ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। 3.37 'ਤੇ ਇੰਦਰਜੀਤ ਨੂੰ ਬਿਨਾਂ ਨੰਬਰ ਵਾਲੀ ਸਕਾਰਪੀਓ ਵਿਚ ਬਿਠਾਇਆ ਗਿਆ ਅਤੇ ਮੋਹਾਲੀ ਤੋਂ ਆਈ ਟੀਮ ਉਸ ਨੂੰ ਵਾਪਸ ਲੈ ਕੇ ਰਵਾਨਾ ਹੋ ਗਈ।
ਇੰਦਰਜੀਤ ਦੇ ਜੱਦੀ ਘਰ ਤੋਂ ਐੱਸ. ਟੀ. ਐੱਫ. ਨੂੰ ਇਕ ਹੋਰ ਏ. ਕੇ. 47 ਰਾਈਫਲ ਅਤੇ ਕਈ ਦਸਤਾਵੇਜ਼ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਐੱਸ. ਟੀ. ਐੱਫ. ਨੇ ਘਰੋਂ ਬਰਾਮਦ ਬੈਂਕਾਂ ਦੀਆਂ ਕਾਪੀਆਂ ਅਤੇ ਸੀ. ਸੀ. ਟੀ. ਕੈਮਰੇ ਦੀ ਡੀ. ਬੀ. ਆਰ. ਨੂੰ ਕਬਜ਼ੇ ਵਿਚ ਲਿਆ ਹੈ। ਏ. ਕੇ. 47 ਰਾਈਫਲ ਮਿਲਣ ਦੇ ਸਬੰਧ ਵਿਚ ਏ. ਡੀ. ਬੀ. ਪੀ. ਹਰਪ੍ਰੀਤ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਮੀਡੀਆ ਨੂੰ ਦਸਿਆ ਕਿ ਇੰਦਰਜੀਤ ਦਾ ਕਹਿਣਾ ਹੈ ਕਿ ਰਾਈਫਲ ਇਕ ਕੇਸ ਪ੍ਰਾਪਰਟੀ ਹੈ। ਐੱਸ. ਟੀ. ਐੱਫ. ਇਸ ਸਬੰਧ ਵਿਚ ਜਾਂਚ ਕਰ ਰਹੀ ਹੈ। ਦੂਸਰੇ ਪਾਸੇ ਇਹ ਸਵਾਲ ਉਠ ਰਿਹਾ ਹੈ ਕਿ ਜੇਕਰ ਇਹ ਰਾਈਫਲ ਕੇਸ ਪ੍ਰਾਪਰਟੀ ਹੈ ਤਾਂ ਇਸ ਨੂੰ ਘਰ ਵਿਚ ਕਿਉਂ ਰੱਖਿਆ ਗਿਆ ਸੀ।
ਵੱਡੀ ਰਿਕਵਰੀ ਵਾਲੇ ਐੱਨ. ਡੀ. ਪੀ. ਐੱਸ. ਕੇਸਾਂ ਨੂੰ ਖੰਘਾਲਣ ਵਿਚ ਜੁਟੀ ਐੱਸ. ਟੀ. ਐੱਫ.
ਨਸ਼ਾ ਸਮੱਗਲਰਾਂ ਦੀ ਮੱਦਦ ਕਰਨ ਦੇ ਦੋਸ਼ ਵਿਚ ਫੜੇ ਗਏ ਪੰਜਾਬ ਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਦੇ ਨਾਲ ਹੀ ਸਪੈਸ਼ਲ ਟਾਸਕ ਫੋਰਸ ਨੇ ਰਾਜ ਭਰ ਦੇ ਉਨ੍ਹਾਂ ਐੱਨ. ਡੀ. ਪੀ. ਐੱਸ. ਕੇਸਾਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿਚ ਵੱਡੀ ਮਾਤਰਾ ਵਿਚ ਬਰਾਮਦਗੀ ਹੋਣ ਦੇ ਬਾਵਜੂਦ ਮੁਲਜ਼ਮ ਬਰੀ ਹੋ ਗਏ। ਇਸ ਦੇ ਨਾਲ ਹੀ ਇੰਸਪੈਕਟਰ ਇੰਦਰਜੀਤ ਸਿੰਘ ਵਲੋਂ ਆਪਣੇ ਕਾਰਜਕਾਲ ਦੌਰਾਨ ਦਰਜ ਕਰਵਾਏ ਐੱਨ. ਡੀ. ਪੀ. ਐੱਸ. ਐਕਟ ਵਿਚ ਵੱਡੀ ਰਿਕਵਰੀ ਦੇ ਮਾਮਲੇ ਵੀ ਐੱਸ. ਟੀ. ਐੱਫ. ਦੀ ਰਾਡਾਰ 'ਤੇ ਆ ਗਏ ਹਨ।
ਐੱਸ. ਟੀ. ਐੱਫ. ਸੂਤਰਾਂ ਮੁਤਾਬਿਕ ਇੰਸਪੈਕਟਰ ਰਣਜੀਤ ਸਿੰਘ ਦੀ ਮਾਡਸ ਅਪਰੈਂਡੀ ਦਾ ਪਤਾ ਲੱਗਣ 'ਤੇ ਉਸ ਵਲੋਂ ਥਾਣਾ ਸਰਹਾਲੀ ਵਿਚ 2013 ਦੌਰਾਨ ਦਰਜ ਕਰਵਾਏ ਗਏ ਐੱਨ. ਡੀ. ਪੀ. ਐੱਸ. ਐਕਟ ਮਾਮਲਿਆਂ ਦੇ ਐੱਫ. ਆਈ. ਆਰ. ਨੰਬਰ 85, 100 ਤੇ 155 ਦੀ ਜਾਂਚ ਤੋਂ ਬਾਅਦ ਕਈ ਖੁਲਾਸੇ ਹੋਏ। ਇਨ੍ਹਾਂ ਵਿਚੋਂ ਇਕ ਕੇਸ ਵਿਚ 8 ਲੋਕਾਂ ਤੋਂ 19 ਕਿਲੋ ਹੈਰੋਇਨ ਦੀ ਬਰਾਮਦਗੀ ਸੀ ਤੇ ਹੋਰ ਕੇਸਾਂ ਵਿਚ 54 ਬੋਰੀਆਂ ਭੁੱਕੀ ਦਾ ਸੀ ਪਰ ਇੰਨੀ ਵੱਡੀ ਰਿਕਵਰੀ ਹੋਣ ਦੇ ਬਾਵਜੂਦ ਵੀ ਮੁਲਜ਼ਮ ਬਰੀ ਹੋ ਗਏ। ਇਨ੍ਹਾਂ ਤੋਂ ਇਲਾਵਾ 10 ਹੋਰ ਐੱਨ. ਡੀ. ਪੀ. ਐੱਸ. ਦੇ ਕੇਸ ਐੱਸ. ਟੀ. ਐੱਫ. ਵਲੋਂ ਸਕੈਨ ਕੀਤੇ ਜਾ ਰਹੇ ਹਨ ਤਾਂ ਕਿ ਉਨ੍ਹਾਂ ਵਿਚ ਵੀ ਬੇਨਿਯਮੀਆਂ ਦਾ ਪਤਾ ਲਗਾਇਆ ਜਾ ਸਕੇ।
