ਭਾਰਤ-ਪਾਕਿ ਸਰਹੱਦ ਤੋਂ ਜਲੰਧਰ ਪੁਲਸ ਵੱਲੋਂ 5 ਕਰੋੜ ਦੀ ਹੈਰੋਇਨ ਸਣੇ ਇਕ ਕਾਬੂ
Wednesday, Sep 11, 2019 - 06:47 PM (IST)
ਜਲੰਧਰ (ਕਮਲੇਸ਼, ਸੋਨੂੰ)— ਜਲੰਧਰ ਦੇ ਸੀ. ਆਈ. ਏ. ਸਟਾਫ-1 ਅਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਫਿਰੋਜ਼ਪੁਰ ਦੀ ਭਾਰਤ-ਪਾਕਿਸਤਾਨ ਗਜਨੀ ਵਾਲਾ ਬਾਰਡਰ ਤੋਂ ਇਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ, 30 ਬੋਰ ਦੀ ਪਿਸਤੌਲ ਅਤੇ 30 ਜ਼ਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਆਈ. ਪੀ. ਐੱਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 9 ਸਤੰਬਰ ਨੂੰ ਸੀ. ਆਈ. ਏ. ਸਟਾਫ-1 ਅਤੇ ਥਾਣਾ ਬਾਵਾ ਖੇਲ ਦੀ ਪੁਲਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿ੍ਰਫਤਾਰ ਕੀਤਾ ਸੀ। ਉਨ੍ਹਾਂ ਦੀ ਪਛਾਣ ਵਿਕਰਮ ਸਿੰਘ ਅਤੇ ਕਰਮਵੀਰ ਸਿੰਘ ਵਾਸੀ ਫਿਰੋਜ਼ਪੁਰ ਦੇ ਤੌਰ 'ਤੇ ਹੋਈ ਸੀ। ਇਨ੍ਹਾਂ ਦੀ ਨਿਸ਼ਾਨੇਦਹੀ 'ਤੇ ਪੁਲਸ ਨੇ ਅੱਜ ਭਾਰਤ-ਪਾਕਿਸਤਾਨ ਬਾਰਡਰ ਤੋਂ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮੱਖਨ ਸਿੰਘ (60) ਦੇ ਰੂਪ 'ਚ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
6 ਮਹੀਨੇ ਪਹਿਲਾਂ ਪਾਕਿ ਨਸ਼ਾ ਤਸਕਰਾਂ ਦੇ ਸੰਪਰਕ 'ਚ ਆਇਆ ਸੀ ਮੱਖਨ
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਉਸ ਦੀ 6 ਕਨਾਲਾ ਜ਼ਮੀਨ ਭਾਰਤ-ਪਾਕਿਸਤਾਨ ਬਾਰਡਰ ਕੰਡਿਆਲੀ ਤਾਰ ਦੀ ਹੱਦ ਨਾਲ ਲੱਗਦੀ ਹੈ। ਉਹ ਖੇਤੀਬਾੜੀ ਤੋਂ ਇਲਾਵਾ ਆਪਣੇ ਪਿੰਡ ਦੇ ਸਰਪੰਚ ਜਗਰੂਪ ਸਿੰਘ ਦਾ ਟਰੈਕਟਰ ਚਲਾਉਂਦਾ ਸੀ। ਉਕਤ ਵਿਅਕਤੀ ਵਿਆਹੁਤਾ ਹੈ। ਉਸ ਦੇ 6 ਬੱਚੇ ਹਨ, ਜਿਨ੍ਹਾਂ 'ਚੋਂ 5 ਕੁੜੀਆਂ ਅਤੇ ਇਕ ਲੜਕਾ ਹੈ। ਉਸ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਦੇ ਅਤੇ ਉਸ ਦੇ ਬੇਟੇ ਚਰਨਜੀਤ ਸਿੰਘ ਉਰਫ ਚੰਨਾ ਦੇ ਪਾਕਿਸਤਾਨ ਨਸ਼ਾ ਸਮੱਗਲਰਾਂ ਨਾਲ ਸੰਬੰਧ ਬਣੇ ਸਨ। ਉਨ੍ਹਾਂ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਨ ਲੱਗੇ ਗਏ। ਉਹ ਨਸ਼ਾ ਤਸਕਰਾਂ ਤੋਂ ਹੈਰੋਇਨ ਦੀ ਖੇਪ ਭਾਰਤ-ਪਾਕਿਸਤਾਨ ਸਰੱਹਦ ਦੇ ਨੇੜੇ ਸਥਿਤ ਆਪਣੀ ਜ਼ਮੀਨ 'ਚ ਦਬਾ ਕੇ ਮੰਗਵਾਉਂਦਾ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗੀ।