ਇਸ ਸ਼ਰਤ 'ਤੇ ਕੈਪਟਨ ਸਰਕਾਰ ਵਿਦਿਆਰਥੀਆਂ ਨੂੰ ਦੇਵੇਗੀ ਸਮਾਰਟਫੋਨ
Saturday, Dec 28, 2019 - 10:21 PM (IST)

ਚੰਡੀਗਡ਼੍ਹ (ਭੁੱਲਰ)-ਕੈਪਟਨ ਸਰਕਾਰ ਪਾਰਟੀ ਦੇ ਚੋਣ ਵਾਅਦੇ ਅਨੁਸਾਰ ਨੌਜਵਾਨਾਂ ਨੂੰ ਨਵੇਂ ਸਾਲ ’ਚ ਮੁਫ਼ਤ ਸਮਾਰਟਫੋਨ ਦੇਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ ਪਰ ਸ਼ੁਰੂ ਹੋ ਰਹੀ ਇਸ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਪਹਿਲੇ ਸਾਲ 2019-20 ਦੌਰਾਨ ਸਿਰਫ਼ ਲਡ਼ਕੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਸਮਾਰਟਫੋਨ ਸਕੀਮ ਲਾਗੂ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਯੂਥ ਤੇ ਸਪੋਰਟਸ ਵਿਭਾਗ ਵਲੋਂ ਜਾਰੀ ਹੋ ਚੁੱਕਾ ਹੈ।
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਹਿਲੇ ਸਾਲ ਦੌਰਾਨ ਸ਼ੁਰੂਆਤ ’ਚ 11ਵੀਂ ਤੇ 12ਵੀਂ ’ਚ ਪਡ਼੍ਹ ਰਹੀਆਂ ਲਡ਼ਕੀਆਂ ਨੂੰ ਹੀ ਸਮਾਰਟਫੋਨ ਦਿੱਤੇ ਜਾਣਗੇ। ਨੋਟੀਫਿਕੇਸ਼ਨ ਅਨੁਸਾਰ ਇਸ ਸਕੀਮ ਦਾ ਲਾਭ ਸਰਕਾਰੀ ਸਕੂਲਾਂ ’ਚ ਪਡ਼੍ਹ ਰਹੇ 12ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਪੋਲੀਟੈਕਨਿਕ ਕਾਲਜ ਤੇ ਆਈ. ਟੀ. ਆਈਜ਼ ’ਚ ਅੰਡਰ ਗ੍ਰੈਜੂਏਟ ਕੋਰਸਾਂ ’ਚ ਆਖਰੀ ਸਾਲ ’ਚ ਪਡ਼੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਮਿਲੇਗਾ। ਇਹ ਸ਼ਰਤ ਵੀ ਰੱਖੀ ਗਈ ਹੈ ਕਿ ਸਮਾਰਟਫੋਨ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਮਿਲੇਗਾ, ਜਿਨ੍ਹਾਂ ਕੋਲ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ’ਚ ਬੇਰੁਜ਼ਗਾਰ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ, ਜਿਸ ਤਹਿਤ ਲੱਖਾਂ ਨੌਜਵਾਨਾਂ ਨੇ ਬਾਕਾਇਦਾ ਫਾਰਮ ਭਰੇ ਸਨ ਪਰ ਹੁਣ ਇਹ ਸਕੀਮ ਸਕੂਲ, ਕਾਲਜ ਤੇ ਆਈ. ਟੀ. ਆਈਜ਼ ਦੇ ਰੈਗੂਲਰ ਵਿਦਿਆਰਥੀਆਂ ਤੱਕ ਸੀਮਤ ਕਰ ਦਿੱਤੀ ਗਈ ਹੈ।