ਜਾਅਲੀ ਸਰਟੀਫਿਕੇਟ ਦੇ ਆਧਾਰ ''ਤੇ ਔਰਤ ਨੇ ਆਂਗਣਵਾੜੀ ''ਚ ਕੀਤੀ ਨੌਕਰੀ

Saturday, Jan 20, 2018 - 04:59 AM (IST)

ਜਾਅਲੀ ਸਰਟੀਫਿਕੇਟ ਦੇ ਆਧਾਰ ''ਤੇ ਔਰਤ ਨੇ ਆਂਗਣਵਾੜੀ ''ਚ ਕੀਤੀ ਨੌਕਰੀ

ਮੋਗਾ, (ਆਜ਼ਾਦ)- ਪਿੰਡ ਮਾਹਲਾ ਖੁਰਦ ਨਿਵਾਸੀ ਸੁਖਵਿੰਦਰ ਕੌਰ ਉਰਫ ਸਿਮਰਜੀਤ ਕੌਰ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਸਕੂਲ ਸਰਟੀਫਿਕੇਟ ਤਿਆਰ ਕਰਵਾ ਕੇ ਆਂਗਣਵਾੜੀ ਸੈਂਟਰ 'ਚ ਨੌਕਰੀ ਹਾਸਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਦੋਸ਼ੀ ਔਰਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਡੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਦੋਸ਼ੀ ਔਰਤ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਪੁਲਸ ਚੌਕੀ ਨੱਥੂਵਾਲਾ ਜਦੀਦ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕੁਲਵਿੰਦਰ ਕੌਰ ਪਤਨੀ ਜੁਗਰਾਜ ਸਿੰਘ ਨਿਵਾਸੀ ਪਿੰਡ ਮਾਹਲਾ ਖੁਰਦ ਨੇ ਕਿਹਾ ਕਿ ਪਿੰਡ ਮਾਹਲਾ ਖੁਰਦ 'ਚ ਆਂਗਣਵਾੜੀ ਸੈਂਟਰ ਖੋਲ੍ਹਿਆ ਜਾਣਾ ਸੀ, ਜਿਸ ਲਈ ਇਕ ਆਂਗਣਵਾੜੀ ਵਰਕਰ ਅਤੇ ਇਕ ਹੈਲਪਰ ਰੱਖਣੀ ਸੀ। ਗ੍ਰਾਮ ਪੰਚਾਇਤ ਨੂੰ ਕੁਲਵਿੰਦਰ ਕੌਰ ਪਤਨੀ ਜੁਗਰਾਜ ਸਿੰਘ ਨਿਵਾਸੀ ਪਿੰਡ ਮਾਹਲਾ ਖੁਰਦ, ਸੁਖਵਿੰਦਰ ਕੌਰ ਪਤਨੀ ਪਿਸ਼ੌਰਾ ਸਿੰਘ ਪਿੰਡ ਮਾਹਲਾ ਖੁਰਦ ਅਤੇ ਜਗਦੇਵ ਕੌਰ ਪਤਨੀ ਮਹਿੰਦਰ ਸਿੰਘ ਨਿਵਾਸੀ ਪਿੰਡ ਮਾਹਲਾ ਖੁਰਦ ਨੇ ਆਪਣੀਆਂ ਅਰਜ਼ੀਆਂ ਦਿੱਤੀਆਂ ਸਨ ਤੇ ਇਸ ਦੀ ਯੋਗਤਾ 10ਵੀਂ ਰੱਖੀ ਗਈ ਸੀ। 
ਗ੍ਰਾਮ ਪੰਚਾਇਤ ਵੱਲੋਂ 31 ਜੁਲਾਈ, 2009 ਨੂੰ ਮਤਾ ਪਾਸ ਕਰ ਕੇ ਸੀ. ਡੀ. ਪੀ. ਓ. ਬਾਘਾਪੁਰਾਣਾ ਨੂੰ ਉਕਤ ਅਰਜ਼ੀਆਂ ਭੇਜੀਆਂ ਗਈਆਂ। ਸੀ. ਡੀ. ਪੀ. ਓ. ਦਫਤਰ ਵੱਲੋਂ ਮੈਰਿਟ ਦੇ ਆਧਾਰ 'ਤੇ ਸੁਖਵਿੰਦਰ ਕੌਰ ਪਤਨੀ ਪਿਸ਼ੌਰਾ ਸਿੰਘ ਨੂੰ ਆਂਗਣਵਾੜੀ ਵਰਕਰ ਨਿਯੁਕਤ ਕਰ ਲਿਆ ਗਿਆ, ਜਿਸ 'ਤੇ ਮੈਨੂੰ ਸ਼ੱਕ ਹੋਣ 'ਤੇ ਮੈਂ ਸਿੱਖਿਆ ਵਿਭਾਗ ਤੋਂ ਸੁਖਵਿੰਦਰ ਕੌਰ ਉਰਫ ਸਿਮਰਜੀਤ ਕੌਰ ਵੱਲੋਂ ਦਸਤਾਵੇਜ਼ਾਂ 'ਚ ਲਾਏ ਗਏ ਮੈਟ੍ਰਿਕ ਦੇ ਸਰਟੀਫਿਕੇਟ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਸਿਮਰਜੀਤ ਕੌਰ ਪੁੱਤਰੀ ਗੁਰਮਿੰਦਰ ਸਿੰਘ ਨਿਵਾਸੀ ਪਿੰਡ ਸਕੂਰ (ਫਿਰੋਜ਼ਪੁਰ) ਦਾ ਗਲਤ ਸਰਟੀਫਿਕੇਟ ਲਾ ਕੇ ਆਂਗਣਵਾੜੀ ਦੀ ਨੌਕਰੀ ਪ੍ਰਾਪਤ ਕੀਤੀ।


Related News