ਬਠਿੰਡਾ ਦੇ ਨਰਸਿੰਗ ਸਟਾਫ਼ ਦੇ ਵਾਪਸ ਜਾਣ ’ਤੇ ਓਮ ਪ੍ਰਕਾਸ਼ ਸੋਨੀ ਨੇੇ ਜ਼ਾਹਿਰ ਕੀਤੀ ਸ਼ੰਕਾ
Thursday, May 20, 2021 - 03:23 PM (IST)
ਪਟਿਆਲਾ (ਜ. ਬ.) : ਕੋਵਿਡ ਮਾਹਾਮਾਰੀ ਦੀ ਦੂਸਰੀ ਲਹਿਰ ਕਾਰਨ ਪੈਦਾ ਹੋਈ ਆਫ਼ਤ ਦੀ ਘਡ਼ੀ ’ਚ ਲੋਕ ਸੇਵਾ ਤੋਂ ਭੱਜੇ ਏਮਸ ਬਠਿੰਡਾ ਦੇ ਨਰਸਿੰਗ ਸਟਾਫ ਨੇ ਆਪਣੇ ਕਿੱਤੇ ਨਾਲ ਧ੍ਰੋਹ ਕੀਤਾ ਹੈ। ਉਕਤ ਗੱਲ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਖੀ। ਉਨ੍ਹਾਂ ਕਿਹਾ ਕਿ ਏਮਸ ਬਠਿੰਡਾ ਤੋਂ ਨਰਸਿੰਗ ਸਟਾਫ ਦੇ ਆਉਣ ਸਬੰਧੀ ਸੂਚਨਾ ਮਿਲਦੇ ਸਾਰ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਇਕ ਸਰਕਾਰੀ ਮਹਿਲਾ ਹੋਸਟਲ ’ਚ ਕੀਤਾ ਗਿਆ ਸੀ ਪਰ ਜਿਵੇਂ ਹੀ ਸੂਚਨਾ ਮਿਲੀ ਕਿ ਮੇਲ ਨਰਸਿੰਗ ਸਟਾਫ ਆ ਰਹੇ ਹਨ ਤਾਂ ਸੋਮਵਾਰ ਸ਼ਾਮ ਨੂੰ ਇਨ੍ਹਾਂ ਦੇ ਰਹਿਣ ਦਾ ਪ੍ਰਬੰਧ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੇ ਹੋਸਟਲ ’ਚ ਕੀਤਾ ਗਿਆ ਅਤੇ ਇਨ੍ਹਾਂ ਦੇ ਰਹਿਣ ਲਈ ਸਾਰੇ ਲੋਡ਼ੀਂਦੇ ਪ੍ਰਬੰਧ ਕੀਤੇ ਗਏ। ਹੋਸਟਲ ਮੈਸ ’ਚ ਵਧੀਆ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਸੋਨੀ ਨੇ ਸ਼ੰਕਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਟਾਫ ਨਰਸਾਂ ਵੱਲੋਂ ਕਿਸੇ ਸਿਆਸੀ ਸਾਜਿਸ਼ ਦਾ ਹਿੱਸਾ ਬਣਦੇ ਹੋਏ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਅਣਜਾਣ ਅਤੇ ਅਨੁਸ਼ਾਸ਼ਨਹੀਨ ਮੇਲ ਨਰਸਿੰਗ ਸਟਾਫ ਨੂੰ ਤੁਰੰਤ ਵਾਪਸ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਦੋ ਦਿਨਾਂ ’ਚ ਹੀ ਅਧਿਕਾਰੀਆਂ ਦੀ ਹੋਈ ਤੌਬਾ! ਬਠਿੰਡਾ ਏਮਸ ਤੋਂ ਆਏ ਮੇਲ ਨਰਸਿਜ਼ ਨੂੰ ਵਾਪਸ ਭੇਜਿਆ
ਦੱਸਣਯੋਗ ਹੈ ਕਿ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਤੋਂ ਜ਼ਿਲ੍ਹੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਤਾਇਨਾਤ ਕੀਤੇ ਗਏ 50 ਮੇਲ ਨਰਸਿਜ਼ ਦੀਆਂ ਮੰਗਾਂ ਨੇ ਦੋ ਦਿਨਾਂ ’ਚ ਹੀ ਅਧਿਕਾਰੀਆਂ ਦੀ ਤੌਬਾ ਕਰਵਾ ਦਿੱਤੀ, ਜਿਸ ਮਗਰੋਂ ਇਨ੍ਹਾਂ ਨੂੰ ਵਾਪਸ ਏਮਸ ਬਠਿੰਡਾ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਏਮਸ ਬਠਿੰਡਾ ’ਚ 200 ਮੇਲ ਨਰਸਿਜ਼ ਭਰਤੀ ਕੀਤੇ ਗਏ ਸਨ। ਉਥੇ ਲੋਡ਼ ਘੱਟ ਹੋਣ ਮਗਰੋਂ ਇਨ੍ਹਾਂ ’ਚੋਂ 50-50 ਦਾ ਬੈਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ’ਚ ਤਾਇਨਾਤ ਕਰ ਦਿੱਤਾ ਗਿਆ। ਪਟਿਆਲਾ ਪਹੁੰਚੇ ਮੇਲ ਨਰਸਿਜ਼ ਨੂੰ ਇਥੇ ਫਿਜ਼ੀਕਲ ਕਾਲਜ ਦੇ ਹੋਸਟਲ ’ਚ ਠਹਿਰਾਇਆ ਗਿਆ। ਦੋ ਦਿਨਾਂ ’ਚ ਹੀ ਅਧਿਕਾਰੀਆਂ ਅਤੇ ਇਨ੍ਹਾਂ ਮੇਲ ਨਰਸਿਜ਼ ਦੀ ਅਨਬਨ ਇੰਨੀ ਸਿਖ਼ਰ ’ਤੇ ਪਹੁੰਚ ਗਈ ਕਿ ਇਨ੍ਹਾਂ ਨੂੰ ਵਾਪਸ ਬਠਿੰਡਾ ਭੇਜਣ ਦੇ ਆਦੇਸ਼ ਦੇ ਦਿੱਤੇ ਗਏ।
ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਕੋਰੋਨਾ ਸਬੰਧੀ ਟੀਕਾਕਰਨ ਨੂੰ ਲੈ ਕੇ ਪੰਜਾਬ ਤੋਂ ਅੱਗੇ ਨਿਕਲਿਆ ਹਰਿਆਣਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ