ਉਪ ਮੁੱਖ ਮੰਤਰੀ ਦੀ ਸੋਨੀ ਦੀ ਚਿਤਾਵਨੀ, ਸਿਹਤ ਵਿਭਾਗ ’ਚ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ

Tuesday, Oct 05, 2021 - 05:16 PM (IST)

ਉਪ ਮੁੱਖ ਮੰਤਰੀ ਦੀ ਸੋਨੀ ਦੀ ਚਿਤਾਵਨੀ, ਸਿਹਤ ਵਿਭਾਗ ’ਚ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਕਿਹਾ ਕਿ ਸਿਹਤ ਵਿਭਾਗ ਵਿਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭ੍ਰਿਸ਼ਟਾਚਾਰ ਵਿਚ ਸ਼ਾਮਲ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਸੋਨੀ ਅੱਜ ਇੱਥੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵੱਖ-ਵੱਖ ਸਕੀਮਾਂ ਅਤੇ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਸੂਬਾ ਵਾਸੀਆਂ ਨੂੰ ਜਾਣੂ ਕਰਵਾਉਣ ਬਾਰੇ ਸਰਕਾਰੀ ਹਸਪਤਾਲਾਂ ਵਿਚ ਸਿਟੀਜ਼ਨ ਚਾਰਟਰ ਲਗਾਏ ਜਾਣ। ਇਸ ਮੌਕੇ ਉਨ੍ਹਾਂ ਪੀ.ਐੱਚ.ਐੱਸ.ਸੀ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿਚ ਬਣਨ ਵਾਲੇ ਨਵੇਂ ਜੱਚਾ-ਬੱਚਾ ਕੇਂਦਰਾਂ ਦੀ ਸਥਾਪਤੀ ਸਬੰਧੀ ਮੁੱਢਲੇ ਕਾਰਜਾਂ ਨੂੰ ਇਕ ਹਫ਼ਤੇ ਵਿਚ ਮੁਕੰਮਲ ਕੀਤਾ ਜਾਵੇ ਅਤੇ ਹੋਰ ਪ੍ਰਾਜੈਕਟ ਜੋ ਉਨ੍ਹਾਂ ਅਧੀਨ ਹਨ, ਨੂੰ ਨਵੰਬਰ ਮਹੀਨੇ ਦੇ ਅਖੀਰ ਤੱਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਸੋਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲਾਂ ਅਤੇ ਉਪਕਰਣਾਂ ਦੀ ਖ਼ਰੀਦ ਸਮੇਂ ਘੱਟੋ-ਘੱਟ ਕੀਮਤਾਂ ’ਤੇ ਉੱਚ ਗੁਣਵੱਤਾ ਵਾਲੀਆਂ ਵਸਤਾਂ ਨੂੰ ਯਕੀਨੀ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਹੈਡਕੁਆਰਟਰ ’ਚ ਤਾਇਨਾਤ ਸਾਰੇ ਉੱਚ ਅਧਿਕਾਰੀਆਂ ਨੂੰ ਹਫ਼ਤੇ ਵਿਚ 2 ਦਿਨ ਫ਼ੀਲਡ ਵਿਜ਼ਿਟ ਕਰਨ ਦੇ ਵੀ ਹੁਕਮ ਦਿੱਤੇ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਿਵਲ ਇੰਜੀਨੀਅਰਿੰਗ ਵਿੰਗ ਵਿਚ ਆਰਜੀ ਭਰਤੀ ਕਰਨ ਦੇ ਵੀ ਹੁਕਮ ਦਿੱਤੇ ਤਾਂ ਜੋ ਚੱਲ ਰਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਆਲੋਕ ਸ਼ੇਖਰ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਕੁਮਾਰ ਰਾਹੁਲ ਐਮ.ਡੀ. ਐਨ.ਐਚ.ਐਮ. , ਅਮਿਤ ਕੁਮਾਰ, ਐਮ.ਡੀ.ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਹੋਰ ਹਾਜ਼ਰ ਸਨ।

 


author

Gurminder Singh

Content Editor

Related News