ਪੰਜਾਬ ਵਿਧਾਨ ਸਭਾ ਚੋਣਾਂ : ਲੁਧਿਆਣਾ ਦੇ ਹਲਕਾ ਵੈਸਟ ''ਚ ਹਨ ਸਭ ਤੋਂ ਜ਼ਿਆਦਾ ਬਜ਼ੁਰਗ ਵੋਟਰ
Monday, Feb 14, 2022 - 03:57 PM (IST)
ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਬਜ਼ੁਰਗ ਵੋਟਰਾਂ ਨੂੰ ਪਿਕ ਐਂਡ ਡਰਾਪ ਨਾਲ ਪੋਸਟਲ ਬੈਲਟ ਜ਼ਰੀਏ ਘਰ ਹੀ ਵੋਟਿੰਗ ਦੀ ਸਹੂਲਤ ਦਿੱਤੀ ਗਈ ਹੈ। ਇਹ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਕੀਤੀ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਭ ਤੋਂ ਜ਼ਿਆਦਾ ਬਜ਼ੁਰਗ ਵੋਟਰ ਲੁਧਿਆਣਾ ਦੇ ਹਲਕਾ ਵੈਸਟ 'ਚ ਹਨ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ 80 ਤੋਂ 89 ਸਾਲ ਤੱਖ ਦੇ 48672 ਵੋਟਰਾਂ 'ਚ 5063 ਹਲਕਾ ਵੈਸਟ 'ਚ ਰਹਿੰਦੇ ਹਨ। ਇਸੇ ਤਰ੍ਹਾਂ 90 ਤੋਂ 99 ਸਾਲ ਦੇ 8565 'ਚੋਂ 946 ਹਲਕਾ ਵੈਸਟ ਦੇ ਵੋਟਰ ਹਨ। ਇਸ ਤੋਂ ਇਲਾਵਾ 80 ਤੋਂ 89 ਸਾਲ ਤੱਕ ਦੇ 4640 ਵੋਟਰ ਹਲਕਾ ਗਿੱਲ 'ਚ ਹਨ।
ਜਗਰਾਓਂ ਦੇ ਪੋਲਿੰਗ ਸਟੇਸ਼ਨ 'ਤੇ ਜਾ ਕੇ ਵੋਟ ਪਾਵੇਗੀ 109 ਸਾਲਾ ਬਜ਼ੁਰਗ ਬੀਬੀ
ਲੁਧਿਆਣਾ ਜ਼ਿਲ੍ਹੇ ਦੀ ਸਭ ਤੋਂ ਜ਼ਿਆਦਾ ਬਜ਼ੁਰਗ ਵੋਟਰ ਭਗਵਾਨ ਕੌਰ ਜਗਰਾਓਂ ਤੋਂ ਹੈ, ਜਿਸ ਨੇ ਘਰ ਵੋਟਿੰਗ ਦੀ ਸਹੂਲਤ ਨਹੀਂ ਲਈ, ਸਗੋਂ 20 ਫਰਵਰੀ ਨੂੰ ਉਹ ਪੋਲਿੰਗ ਸਟੇਸ਼ਨ 'ਤੇ ਜਾ ਕੇ ਵੋਟ ਪਾਵੇਗੀ।
ਪੋਸਟਲ ਬੈਲਟ ਲਈ ਅਪਣਾਈ ਜਾ ਰਹੀ ਇਹ ਪ੍ਰਕਿਰਿਆ
ਲੁਧਿਆਣਾ 'ਚ 80 ਸਾਲ ਤੋਂ ਜ਼ਿਆਦਾ ਦੇ 58282 ਵੋਟਰਾਂ 'ਚ ਸਿਰਫ 2250 ਵੱਲੋਂ ਪੋਸਟਲ ਬੈਲਟ ਦੀ ਸਹੂਲਤ ਲਈ ਗਈ ਹੈ। ਇਸ ਦੇ ਲਈ ਪਹਿਲਾਂ ਚੋਣ ਕਮਿਸ਼ਨ ਦੇ ਸਟਾਫ਼ ਵੱਲੋਂ ਡੋਰ-ਟੂ-ਡੋਰ ਜਾ ਕੇ ਸਹਿਮਤੀ ਲਈ ਗਈ। ਹੁਣ ਪੋਲਿੰਗ ਸਟਾਫ਼ ਅਤੇ ਪੁਲਸ ਪਾਰਟੀ ਵੱਲੋਂ ਘਰ ਜਾ ਕੇ ਪੋਸਟਲ ਬੈਲਟ ਜ਼ਰੀਏ ਵੋਟਿੰਗ ਕਰਵਾਈ ਜਾ ਰਹੀ ਹੈ। ਇਸ ਦੌਰਾਨ ਉਮੀਦਵਾਰ ਜਾਂ ਪੋਲਿੰਗ ਏਜੰਟ ਮੌਜੂਦ ਰਹਿ ਸਕਦੇ ਹਨ ਅਤੇ ਸੀਲ ਕਰਨ ਦੀ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਜਾਵੇਗੀ, ਇਸ ਨੂੰ ਲੈ ਕੇ ਬਕਾਇਦਾ ਵੋਟਰ ਤੋਂ ਸਰਟੀਫਿਕੇਟ ਵੀ ਲਿਆ ਜਾਵੇਗਾ।