ਰਿਟਾਇਰ ਫ਼ੌਜੀ ਪਤੀ ਤੇ ਕਮਾਊ ਪੁੱਤਾਂ ਨੇ ਘਰੋਂ ਕੱਢੀ ਬਜ਼ੁਰਗ ਬੇਬੇ, ਦੁਖੀ ਮਨ ਨਾਲ ਸੁਣਾਈ ਦਾਸਤਾਨ
Saturday, Jun 05, 2021 - 04:02 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਸੀੜਾ ਵਿਚ ਅਭਾਗੀ ਬਜ਼ੁਰਗ ਜਨਾਨੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਉਸ ਦੇ ਰਿਟਾਇਰ ਫ਼ੌਜੀ ਪਤੀ ਅਤੇ 2 ਵਿਆਹੁਤਾ ਕਮਾਊ ਪੁੱਤਰਾਂ ਨੇ ਧੱਕੇ ਮਾਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਬਜ਼ੁਰਗ ਜਨਾਨੀ ਅਮਰਜੀਤ ਕੌਰ (70) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਰਿਟਾਇਰਡ ਫ਼ੌਜੀ ਹੈ ਅਤੇ ਉਹ ਬੈਂਕ ਵਿਚ ਨੌਕਰੀ ਕਰਕੇ 2 ਪੈਨਸ਼ਨਾਂ ਲੈ ਰਿਹਾ ਹੈ।
ਇਹ ਵੀ ਪੜ੍ਹੋ : ਉੱਡਣੇ ਸਿੱਖ 'ਮਿਲਖਾ ਸਿੰਘ' ਨੂੰ ਲੈ ਕੇ ਆ ਰਹੀ ਵੱਡੀ ਖ਼ਬਰ, PGI ਨੇ ਜਾਰੀ ਕੀਤਾ ਬਿਆਨ
ਉਸ ਨੇ ਦੱਸਿਆ ਕਿ ਉਸ ਦੇ ਪੁੱਤ ਵੀ ਉਸ ਨੂੰ ਰੋਟੀ ਨਹੀਂ ਦੇ ਰਹੇ। ਪੀੜਤਾ ਨੇ ਦੱਸਿਆ ਕਿ ਪਤੀ ਅਤੇ ਪੁੱਤਾਂ ਵੱਲੋਂ ਉਸ ਦਾ ਸਾਰਾ ਸਮਾਨ ਖੁੱਲ੍ਹੇ ਵਿਹੜੇ 'ਚ ਖਿਲਾਰ ਦਿੱਤਾ ਗਿਆ ਅਤੇ ਪੱਖੇ ਦੀਆਂ ਤਾਰਾਂ ਵੀ ਕੱਢ ਦਿੱਤੀਆਂ ਗਈਆਂ। ਹੁਣ ਉਹ ਖੁੱਲ੍ਹੇ ਆਸਮਾਨ ਵਿਚ ਰੋਟੀ ਬਣਾਉਣ ਅਤੇ ਰਹਿਣ ਲਈ ਮਜਬੂਰ ਹੈ। ਬਜ਼ੁਰਗ ਜਨਾਨੀ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਹੋਣ ਉਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਬਾਰੇ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਮਾਨ ਅਤੇ ਗੁਆਂਢੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਜਨਾਨੀ ਨਾਲ ਪਿਛਲੇ ਕਾਫੀ ਸਾਲਾਂ ਤੋਂ ਧੱਕਾ ਹੋ ਰਿਹਾ ਹੈ ਅਤੇ ਉਹ ਰੋਟੀ ਖ਼ਾਤਰ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਮਿਲੇਗਾ ਨਵਾਂ 'ਇੰਚਾਰਜ', ਹਰੀਸ਼ ਰਾਵਤ ਨੇ ਕਹੀ ਇਹ ਗੱਲ
ਸਾਬਕਾ ਸਰਪੰਚ ਨੇ ਕਿਹਾ ਕਿ ਇਸ ਦਾ ਮਾੜਾ ਅਸਰ ਪਿੰਡ ਵਿਚ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਨੇ ਕਈ ਵਾਰ ਪੀੜਤਾ ਦੇ ਫ਼ੌਜੀ ਪਤੀ ਅਤੇ ਪੁੱਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਸਮਝਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਥੱਕ-ਹਾਰ ਕੇ ਬਜ਼ੁਰਗ ਜਨਾਨੀ ਨੂੰ ਪੁਲਸ ਦਾ ਸਹਾਰਾ ਲੈਣਾ ਪਿਆ ਹੈ। ਜਦੋਂ ਇਸ ਬਾਰੇ ਥਾਣੇ ਵਿਚ ਆਏ ਬਜ਼ੁਰਗ ਜਨਾਨੀ ਦੇ ਰਿਟਾਇਰਡ ਫ਼ੌਜੀ ਪਤੀ ਮਹਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀਆਂ 2 ਪੈਨਸ਼ਨਾਂ ਆ ਰਹੀਆਂ ਹਨ ਅਤੇ ਉਹ ਆਪਣੀ ਪਤਨੀ ਨੂੰ 2500 ਰੁਪਏ ਬੈਂਕ ਜ਼ਰੀਏ ਖ਼ਰਚਾ ਦੇ ਰਿਹਾ ਹੈ।
ਉਸ ਨੇ ਦੱਸਿਆ ਕਿ ਇਹ ਉਸ ਦਾ ਦੂਜਾ ਵਿਆਹ ਹੈ ਅਤੇ ਜਦੋਂ ਤੋਂ ਪੀੜਤਾ ਉਸ ਦੇ ਘਰ ਆਈ ਹੈ, ਦੋਹਾਂ ਦੀ ਆਪਸ 'ਚ ਨਹੀਂ ਬਣੀ। ਇਸ ਸਾਰੀ ਘਟਨਾ ਬਾਰੇ ਥਾਣਾ ਮਿਹਰਬਾਨ ਦੀ ਇੰਚਾਰਜ ਨੇ ਦੱਸਿਆ ਕਿ ਬਜ਼ੁਰਗ ਜਨਾਨੀ ਦੇ ਮਾਮਲੇ ਸਬੰਧੀ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਬਜ਼ੁਰਗ ਜਨਾਨੀ ਨੂੰ ਕਦੋਂ ਤੱਕ ਇਨਸਾਫ਼ ਮਿਲਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ