ਓਲਾ-ਉਬਰ ਨੂੰ ਨੋਟਿਸ ਜਾਰੀ, STA ਵੱਲੋਂ ਬਾਈਕ ਟੈਕਸੀ ਬੰਦ ਕਰਨ ਦੇ ਹੁਕਮ
Tuesday, Aug 30, 2022 - 12:49 PM (IST)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਕਈ ਐਗਰੀਗੇਟਰ ਕੰਪਨੀਆਂ ਨਿੱਜੀ ਤੇ ਟੈਂਪਰੇਰੀ ਨੰਬਰ ਵਾਲੇ ਵਾਹਨਾਂ ਨੂੰ ਬਾਈਕ ਟੈਕਸੀ ਲਾਉਣ ਦੀ ਮਨਜ਼ੂਰੀ ਦੇ ਰਹੀਆਂ ਹਨ, ਜਦੋਂ ਕਿ ਇਹ ਪੂਰੀ ਤਰ੍ਹਾਂ ਨਾਜਾਇਜ਼ ਹੈ। ਇਸ ਨੂੰ ਲੈ ਕੇ ਹੁਣ ਸੈਕਟਰ-18 ਸਥਿਤ ਸਟੇਟ ਟਰਾਂਸਪੋਰਟ ਅਥਾਰਟੀ (STA) ਦੀ ਨੀਂਦ ਖੁੱਲ੍ਹ ਗਈ ਹੈ। ਐੱਸ. ਟੀ. ਏ. ਨੇ ਸੋਮਵਾਰ ਨੂੰ ਓਲਾ ਤੇ ਉਬਰ ਨੂੰ ਨੋਟਿਸ ਭੇਜ ਕੇ ਤੁਰੰਤ ਅਜਿਹੀਆਂ ਸਾਰੀਆਂ ਬਾਈਕ ਟੈਕਸੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਨਿਯਮਾਂ ਦੇ ਤਹਿਤ ਸ਼ਹਿਰ 'ਚ ਕੋਈ ਵੀ ਕੰਪਨੀ ਨਿੱਜੀ ਤੇ ਟੈਂਪਰੇਰੀ ਨੰਬਰ ਪਲੇਟ ’ਤੇ ਬਾਈਕ ਟੈਕਸੀ ਨਹੀਂ ਚਲਾ ਸਕਦੀ ਹੈ, ਪਰ ਨਾਜਾਇਜ਼ ਰੂਪ ਨਾਲ ਓਲਾ-ਊਬਰ ਤੋਂ ਇਲਾਵਾ ਇਨ ਡਰਾਇਵਰ, ਰੈਪਿਡੋ, ਬਲਾ ਬਲਾ ਆਦਿ ਕੰਪਨੀਆਂ ਬਾਈਕ ਟੈਕਸੀ ਚਲਾ ਰਹੀਆਂ ਹਨ। ਦੱਸਣਯੋਗ ਹੈ ਕਿ ਜ਼ਿਆਦਾਤਰ ਕੰਪਨੀਆਂ ਕੋਲ ਬਾਈਕ ਟੈਕਸੀ ਤਾਂ ਦੂਰ ਕੈਬ ਚਲਾਉਣ ਦੀ ਵੀ ਮਨਜ਼ੂਰੀ ਨਹੀਂ ਹੈ। ਬਾਵਜੂਦ ਇਸ ਦੇ ਧੜੱਲੇ ਨਾਲ ਨਾਜਾਇਜ਼ ਕੰਮ ਹੋ ਰਿਹਾ ਹੈ। ਫੌਰ ਵ੍ਹੀਲਰ ਟੈਕਸੀ ਚਲਾਉਣ ਦਾ ਲਾਇਸੈਂਸ ਵੀ ਸਿਰਫ਼ ਓਲਾ-ਉਬਰ ਕੋਲ ਹੈ। ਦਰਅਸਲ, ਨਿੱਜੀ ਨੰਬਰ ਪਲੇਟ ’ਤੇ ਟੈਕਸੀ ਸੇਵਾ ਨਹੀਂ ਚਲਾਈ ਜਾ ਸਕਦੀ ਪਰ ਬਾਈਕ ਟੈਕਸੀ 'ਚ ਕੰਪਨੀਆਂ ਅਜਿਹਾ ਕਰ ਰਹੀਆਂ ਸਨ। ਇਸ ਲਈ ਹੀ ਐੱਸ. ਟੀ. ਏ. ਨੂੰ ਨੋਟਿਸ ਜਾਰੀ ਕਰਨਾ ਕਰਨਾ ਪਿਆ ਹੈ। ਮੋਟਰ ਵ੍ਹੀਕਲ ਐਕਟ ਦੀ ਧਾਰਾ 66 (1) ਦੇ ਤਹਿਤ ਪਰਮਿਟ ਉਸੇ ਵਾਹਨ ਨੂੰ ਮਿਲਦਾ ਹੈ, ਜਿਸ ਦੀ ਕਮਰਸ਼ੀਅਲ ਸ਼੍ਰੇਣੀ 'ਚ ਆਰ. ਟੀ. ਓ. 'ਚ ਰਜਿਸਟ੍ਰੇਸ਼ਨ ਹੁੰਦੀ ਹੈ। ਇਨ੍ਹਾਂ ਨਿੱਜੀ ਨੰਬਰ ਦੀ ਬਾਈਕ ਦੀ ਦੁਰਘਟਨਾ ਹੋ ਜਾਵੇ ਤਾਂ ਪੀੜਤ ਨੂੰ ਇੰਸ਼ੋਰੈਂਸ ਕਲੇਮ ਵੀ ਨਹੀਂ ਮਿਲੇਗਾ।
ਇਹ ਵੀ ਪੜ੍ਹੋ : ਅਮਲੋਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਖ਼ੌਫ਼ਨਾਕ ਸੀਨ ਦੇਖ ਦਹਿਲ ਗਿਆ ਪੁੱਤ ਦਾ ਦਿਲ
ਐੱਸ. ਟੀ. ਏ. ਨੇ ਨੋਟਿਸ ਜਾਰੀ ਕਰ ਕੇ ਇਹ ਲਿਖਿਆ
ਐੱਸ. ਟੀ. ਏ. ਨੇ ਨੋਟਿਸ 'ਚ ਲਿਖਿਆ ਹੈ ਕਿ ਉਨ੍ਹਾਂ ਦੀ ਜਾਣਕਾਰੀ 'ਚ ਆਇਆ ਹੈ ਕਿ ਓਲਾ ਤੇ ਉਬਰ ਆਪਣੇ ਮੋਬਾਇਲ ਐਪਸ ਨਾਲ ਬਾਈਕਸ ਨੂੰ ਕਮਰਸ਼ੀਅਲ ਵ੍ਹੀਕਲ ਦੇ ਤੌਰ ’ਤੇ ਜੋੜ ਰਹੀਆਂ ਹਨ। ਇਹ ਨਾਜਾਇਜ਼ ਹੈ। ਕੰਪਨੀ ਵੱਲੋਂ ਜੋ ਨਾਜਾਇਜ਼ ਤੌਰ ’ਚੇ ਬਾਈਕ ਟੈਕਸੀ ਚਲਾਈ ਜਾ ਰਹੀ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਅਜਿਹਾ ਨਹੀਂ ਹੋਇਆ ਤਾਂ ਕੰਪਨੀਆਂ ਖ਼ਿਲਾਫ਼ ਨਿਯਮਾਂ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ