ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਵੱਖ-ਵੱਖ ਥਾਵਾਂ ’ਤੇ ਕੀਤੀ ਚੈਕਿੰਗ
Tuesday, Mar 26, 2024 - 02:31 PM (IST)
ਧੂਰੀ (ਜੈਨ) : ਜ਼ਿਲ੍ਹਾ ਸੰਗਰੂਰ ਅੰਦਰ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਸਹਾਇਕ ਆਬਕਾਰੀ ਵਿਭਾਗ ਹਰਕਤ 'ਚ ਆ ਗਿਆ ਹੈ। ਇਸ ਤਹਿਤ ਕਮਿਸ਼ਨਰ ਰੋਹਿਤ ਗਰਗ ਅਤੇ ਆਬਕਾਰੀ ਅਫ਼ਸਰ ਅਰਪਿੰਦਰ ਰੰਧਾਵਾ ਦੇ ਨਿਰਦੇਸ਼ਾਂ ’ਤੇ ਵਿਭਾਗ ਦੇ ਧੂਰੀ ਸਰਕਲ ਦੇ ਇੰਸਪੈਕਟਰ ਸਤਗੁਰ ਸਿੰਘ ਅਤੇ ਥਾਣਾ ਸਿਟੀ ਧੂਰੀ ਦੇ ਮੁੱਖੀ ਇੰਸਪੈਕਟਰ ਸੌਰਭ ਸੱਭਰਵਾਲ ਦੀ ਅਗਵਾਈ ਹੇਠ ਇਕ ਟੀਮ ਵੱਲੋਂ ਸਥਾਨਕ ਝੁੱਗੀਆਂ-ਝੋਪੜੀਆਂ, ਬਾਜ਼ੀਗਰ ਬਸਤੀ, ਰਾਈਸ ਮਿੱਲਾਂ ਸਮੇਤ ਹੋਰ ਇਲਾਕਿਆਂ ’ਚ ਚੈਕਿੰਗ ਕੀਤੀ।
ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪੁੱਜੀ ਟੀਮ ਵੱਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਇੰਸਪੈਕਟਰ ਸਤਗੁਰ ਸਿੰਘ ਨੇ ਕਿਹਾ ਕਿ ਨਕਲੀ ਸ਼ਰਾਬ ਕਾਰਨ ਜ਼ਿਲ੍ਹੇ ਅੰਦਰ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸਸਤੀ ਸ਼ਰਾਬ ਦੇ ਲਾਲਚ ਵਿਚ ਜਿੱਥੇ ਆਪਣੀ ਸਿਹਤ ਖ਼ਰਾਬ ਕਰ ਰਹੇ ਹਨ, ਉੱਥੇ ਹੀ ਆਪਣੀ ਜਾਨ ਨੂੰ ਵੀ ਦਾਅ ’ਤੇ ਲਗਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਠੇਕਿਆਂ ਤੋਂ ਬਿਨਾ ਹੋਰ ਕਿਸੇ ਤੋਂ ਵੀ ਸ਼ਰਾਬ ਨਾ ਖ਼ਰੀਦਣ ਦੀ ਹਿਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਘਰਾਂ ਜਾਂ ਹੋਰ ਥਾਵਾਂ ’ਤੇ ਲੋਕਾਂ ਵੱਲੋਂ ਵੇਚੀ ਜਾਂਦੀ ਹਰਿਆਣਾ ਮਾਰਕਾ ਜਾ ਖੁੱਲ੍ਹੀ ਸ਼ਰਾਬ ਦੀ ਗੁਣਵੱਤਾ ਬਾਰੇ ਪਤਾ ਨਹੀਂ ਲੱਗਦਾ, ਜਿਸ ਕਾਰਨ ਇਹ ਸ਼ਰਾਬ ਪੀਣ ਨਾਲ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਪਣੀ ਬਣਾਈ ਹੋਈ ਜਾਂ ਬਾਹਰਲੀ ਸ਼ਰਾਬ ਦੀ ਵਿਕਰੀ ਕਰਦਾ ਹੈ, ਤਾਂ ਇਸ ਸਬੰਧੀ ਆਬਕਾਰੀ ਵਿਭਾਗ ਸੰਗਰੂਰ ਅਤੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ।