ਸ਼ਰਧਾ ’ਤੇ ਭਾਰੂ ਪਈਆਂ ਸ਼ਰਤਾਂ, ਕਰਤਾਰਪੁਰ ਲਾਂਘੇ ਤੋਂ ਪਾਕਿ ਸਰਕਾਰ ਦੀਆਂ ਉਮੀਦਾਂ ਨੂੰ ਲੱਗਾ ਝਟਕਾ

Wednesday, Nov 29, 2023 - 04:43 PM (IST)

ਸ਼ਰਧਾ ’ਤੇ ਭਾਰੂ ਪਈਆਂ ਸ਼ਰਤਾਂ, ਕਰਤਾਰਪੁਰ ਲਾਂਘੇ ਤੋਂ ਪਾਕਿ ਸਰਕਾਰ ਦੀਆਂ ਉਮੀਦਾਂ ਨੂੰ ਲੱਗਾ ਝਟਕਾ

ਗੁਰਦਾਸਪੁਰ (ਵਿਨੋਦ) : ਸਾਲ 2019 ਵਿਚ ਜਦ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਲਈ ਡੇਰਾ ਬਾਬਾ ਨਾਨਕ ਕੋਲ ਕਾਰੀਡੋਰ ਦਾ ਨਿਰਮਾਣ ਕਰ ਕੇ ਇਸ ਨੂੰ ਚਾਲੂ ਕੀਤਾ ਸੀ ਤਾਂ ਉਦੋਂ ਲੱਗਦਾ ਸੀ ਕਿ ਇਸ ਕਾਰੀਡੋਰ ਦੇ ਰਸਤੇ ਵੱਡੀ ਗਿਣਤੀ 'ਚ ਸ਼ਰਧਾਲੂ ਸ੍ਰੀ ਗੁਰਦੁਆਰਾ ਕਰਤਾਰ ਸਾਹਿਬ ਜਾਣਗੇ ਪਰ ਜੇਕਰ ਮੌਜੂਦਾ ਹਾਲਾਤ ਨੂੰ ਵੇਖਿਆ ਜਾਵੇ ਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਜਾਣ ਵਾਲਿਆਂ ਦੀ ਗਿਣਤੀ ਔਸਤ ਰੋਜ਼ਾਨਾ 200 ਸ਼ਰਧਾਲੂਆਂ ਤੋਂ ਵੀ ਘੱਟ ਹੈ।

ਇਹ ਵੀ ਪੜ੍ਹੋ :  ਸ੍ਰੀ ਹਰਿਮੰਦਰ ਸਾਹਿਬ ’ਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ

ਕੀ ਪ੍ਰਬੰਧ ਕੀਤੇ ਸਨ ਭਾਰਤ ਸਰਕਾਰ ਨੇ

ਸਾਲ 2019 ਵਿਚ ਜਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਾਰੀਡੋਰ ਦਾ ਉਦਘਾਟਨ ਕੀਤਾ ਸੀ ਤਾਂ ਉਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਭਾਰਤ ਤੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰੋਜ਼ਾਨਾ 5000 ਲੋਕਾਂ ਦਾ ਪ੍ਰਬੰਧ ਭਾਰਤ ਸਰਕਾਰ ਨੇ ਕੀਤਾ ਹੈ। ਕਰਤਾਰਪੁਰ ਕਾਰੀਡੋਰ ਦੀ ਸੁਰੱਖਿਆ ਵਿਵਸਥਾ ਸੀਮਾ ਸੁਰੱਖਿਆ ਬਲ ਦੇ ਹੱਥਾਂ ’ਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਆਫਿਸ ਸਮੇਤ ਹੋਰ ਕਈ ਦਫ਼ਤਰ ਇਥੇ ਖੋਲ੍ਹੇ ਗਏ ਹਨ। ਸ਼ੁਰੂ-ਸ਼ੁਰੂ ’ਚ ਤਾਂ ਕਾਰੀਡੋਰ ਦੇ ਰਸਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ 800 ਤੋਂ 1000 ਤੱਕ ਰਹੀ ਪਰ ਹੌਲੀ-ਹੌਲੀ ਇਹ ਗਿਣਤੀ 200 ’ਤੇ ਆ ਕੇ ਰੁਕ ਗਈ। ਜਦ ਕਿ ਕਈ ਵਾਰ ਤਾਂ ਇਹ ਗਿਣਤੀ 50 ਤੱਕ ਰਹਿ ਜਾਦੀ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਵਾਪਰੀ ਘਟਨਾ 'ਤੇ ਐਕਸ਼ਨ 'ਚ ਸ਼੍ਰੋਮਣੀ ਕਮੇਟੀ, ਲਿਆ ਵੱਡਾ ਫ਼ੈਸਲਾ

ਪਾਕਿਸਤਾਨ ਸਰਕਾਰ ਨੂੰ ਵੀ ਹੋਇਆ ਭਾਰੀ ਨੁਕਸਾਨ

ਇਸ ਕਾਰੀਡੋਰ ਨੂੰ ਬਣਾਉਣ ਲਈ ਕੁਝ ਹਿੱਸਾ ਭਾਰਤੀ ਜ਼ਮੀਨ 'ਤੇ ਜਦ ਕਿ ਜ਼ਿਆਦਾਤਰ ਹਿੱਸਾ ਪਾਕਿਸਤਾਨ ਦਾ ਹੈ, ਜਿਸ ’ਤੇ ਇਹ ਸੁੰਦਰ ਕਾਰੀਡੋਰ ਬਣਾਇਆ ਗਿਆ ਹੈ। ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਗੈ਼ੈਰ-ਮੁਸਲਿਮਾਂ ਦੇ ਧਾਰਮਿਕ ਸਥਾਨਾਂ ਦੇ ਸੁਧਾਰ ਲਈ ਵਿਸ਼ਵ ਬੈਂਕ ਤੋਂ 60 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਸੀ। ਪਾਕਿਸਤਾਨ ਸਰਕਾਰ ਨੇ ਉਦੋਂ ਸੋਚਿਆ ਸੀ ਕਿ 20 ਡਾਲਰ ਪ੍ਰਤੀ ਵਿਅਕਤੀ ਫੀਸ ਨਾਲ ਸਾਡਾ ਕਰਜ਼ਾ ਆਸਾਨੀ ਨਾਲ ਉਤਰ ਜਾਵੇਗਾ ਪਰ ਮਾਮਲਾ ਪਾਕਿਸਤਾਨ ਦੀ ਸੋਚ ਦੇ ਬਿਲਕੁਲ ਉਲਟ ਹੋ ਗਿਆ।

ਇਹ ਵੀ ਪੜ੍ਹੋ :  ਪੰਜਾਬ ਸਣੇ 3 ਸੂਬਿਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ

ਬਜ਼ੁਰਗਾਂ ਲਈ ਇਸ ਕਾਰੀਡੋਰ ਦਾ ਕੋਈ ਮਹੱਤਵ ਨਹੀਂ

ਭਾਰਤ ਵਿਚ ਰਹਿਣ ਵਾਲੇ ਬਜ਼ੁਰਗ ਸਿੱਖ ਫਿਰਕੇ ਲਈ ਇਹ ਕਰਤਾਰਪੁਰ ਕਾਰੀਡੋਰ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ 90 ਫ਼ੀਸਦੀ ਤੋਂ ਜ਼ਿਆਦਾ ਬਜ਼ੁਰਗਾਂ ਕੋਲ ਪਾਸਪੋਰਟ ਨਹੀਂ ਹੈ ਅਤੇ ਇਸ ਉਮਰ ’ਚ ਨਾ ਹੀ ਉਹ ਪਾਸਪੋਰਟ ਬਣਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਦੂਜੀ ਪਾਕਿਸਤਾਨ ਦੀ ਜੋ 20 ਡਾਲਰ ਲਗਭਗ 1700 ਰੁਪਏ ਭਾਰਤੀ ਕਰੰਸੀ, ਪ੍ਰਤੀ ਸ਼ਰਧਾਲੂ ਫੀਸ ਲਗਾਈ ਗਈ ਹੈ, ਜ਼ਿਆਦਾਤਰ ਪਰਿਵਾਰ ਇਹ ਫੀਸ ਦੇਣ ਵਿਚ ਸਮਰਥ ਨਹੀਂ। ਇਹੀ ਕਾਰਨ ਹੈ ਕਿ ਜ਼ਿਆਦਾਤਰ ਸਿੱਖ ਪਰਿਵਾਰਾਂ ਦੇ ਬਜ਼ੁਰਗ ਪਾਕਿਸਤਾਨ ਸਥਿਤ ਇਸ ਮਹੱਤਵਪੂਰਨ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਤੋਂ ਵਾਂਝੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਬਜ਼ੁਰਗ ਵੀ ਇਸ ਸਮੇਂ ਡੇਰਾ ਬਾਬਾ ਨਾਨਕ ਜਾ ਕੇ ਸੀਮਾ ਸੁਰੱਖਿਆ ਦੇ ਅਧਿਕਾਰੀਆਂ ਵੱਲੋਂ ਬਣਾਏ ਦਰਸ਼ਨ ਸਥਾਨ ਤੋਂ ਹੀ ਦੂਰਬੀਨ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਹਨ। ਜਦ ਕਿ ਜਿਨ੍ਹਾਂ ਬਜ਼ੁਰਗਾਂ ਦੀ ਨਜ਼ਰ ਕਮਜ਼ੋਰ ਹੈ ਉਹ ਇਸ ਦਰਸ਼ਨ ਸਥਾਨ ’ਤੇ ਮੁਹੱਈਆਂ ਸਹੂਲਤ ਦਾ ਵੀ ਲਾਭ ਨਹੀਂ ਉਠਾ ਰਹੇ।

ਇਹ ਵੀ ਪੜ੍ਹੋ :  ਠੰਡ ਵਧਣ ਦੇ ਨਾਲ ਪੰਜਾਬ 'ਤੇ ਅਚਾਨਕ ਮੰਡਰਾਉਣ ਲੱਗਾ ਵੱਡਾ ਖ਼ਤਰਾ

ਭਾਰਤੀ ਸਿੱਖ ਨੌਜਵਾਨਾਂ ਨੇ ਪਾਕਿਸਤਾਨ ਜਾਣ ਦਾ ਜ਼ਿਕਰ ਤੱਕ ਨਹੀਂ ਕੀਤਾ

ਜੇਕਰ ਭਾਰਤੀ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ ਆਦਿ ਸਮੇਤ ਹੋਰ ਦੇਸ਼ਾਂ ਵਿਚ ਪੜ੍ਹਾਈ ਅਤੇ ਕੰਮ ਕਰਨ ਨੂੰ ਪਹਿਲ ਦਿੰਦੇ ਹਨ। ਨੌਜਵਾਨਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਪਾਸਪੋਰਟ 'ਤੇ ਪਾਕਿਸਤਾਨ ਆ ਗਏ ਤਾਂ ਸਾਡੇ ਲਈ ਦੂਜੇ ਦੇਸ਼ਾਂ ’ਚ ਜਾਣਾ ਮੁਸ਼ਕਲ ਹੋ ਜਾਵੇਗਾ। ਇਸ ਕਾਰਨ ਉਹ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਤਿਆਰ ਨਹੀਂ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News