2700 ਕਰੋਡ਼ ਦੀ ਹੈਰੋਇਨ ਦੇ ਮਾਮਲੇ ’ਚ ਨਮਕ ਵਪਾਰੀ ਗੁਰਪਿੰਦਰ ਸਿੰਘ ਵੀ ਗ੍ਰਿਫਤਾਰ

07/02/2019 12:07:38 AM

ਅੰਮ੍ਰਿਤਸਰ, (ਨੀਰਜ)- ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਅਾਉਣ ਵਾਲੇ ਨਮਕ ਤੋਂ 2700 ਕਰੋਡ਼ ਦੀ ਹੈਰੋਇਨ ਜ਼ਬਤ ਕਰਨ ਦੇ ਮਾਮਲੇ ਵਿਚ ਕਸਟਮ ਵਿਭਾਗ ਦੀ ਟੀਮ ਨੇ ਲੂਣ ਦੀ ਦਰਾਮਦ ਕਰਨ ਵਾਲੇ ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਵਿਭਾਗ ਨੇ ਕਸ਼ਮੀਰ ਦੇ ਹੰਦਵਾਡ਼ਾ ਵਿਚ ਰਹਿਣ ਵਾਲੇ ਸਮੱਗਲਰ ਤਾਰਿਕ ਅਹਿਮਦ ਲੋਨ ਨੂੰ ਗ੍ਰਿਫਤਾਰ ਕੀਤਾ ਸੀ ਪਰ ਗੁਰਪਿੰਦਰ ਦੇ ਇਸ ਮਾਮਲੇ ਵਿਚ ਲਿਪਤ ਹੋਣ ਦੀ ਜਾਂਚ ਜਾਰੀ ਸੀ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਸੋਮਵਾਰ ਨੂੰ ਤਾਰਿਕ ਅਹਿਮਦ ਲੋਨ ਅਤੇ ਗੁਰਪਿੰਦਰ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਜਿਥੇ ਦੋਵਾਂ ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਦੋਵਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਅਦਾਲਤ ਪੇਸ਼ ਕੀਤਾ ਗਿਆ। ਉਥੇ ਹੀ 532 ਕਿਲੋ ਹੈਰੋਇਨ ਨਾਲ ਜ਼ਬਤ ਕੀਤੇ 50 ਕਿਲੋ ਮਿਕਸ ਨਾਰਕੋਟਿਕਸ ਨੂੰ ਦਿੱਲੀ ਸਥਿਤ ਲੈਬਾਰਟਰੀ ਵਿਚ ਜਾਂਚ ਲਈ ਭੇਜਿਆ ਜਾ ਰਿਹਾ ਹੈ ਤਾਂ ਕਿ ਉਸ ਵਿਚ ਸ਼ਾਮਲ ਨਸ਼ੇ ਵਾਲੇ ਤਤਾਂ ਦਾ ਪਤਾ ਲਾਇਆ ਜਾ ਸਕੇ। ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਹੈਰੋਇਨ ਦੇ ਪੈਕੇਟ ਫਟਣ ਨਾਲ ਲੂਣ ਵਿਚ ਮਿਲ ਗਏ ਸਨ ਪਰ ਵਿਭਾਗ ਇਸ ਗੱਲ ਦਾ ਰਿਸਕ ਨਹੀਂ ਚੁੱਕਣਾ ਚਾਹੁੰਦਾ ਕਿ ਪਾਕਿਸਤਾਨੀ ਸਮੱਗਲਰਾਂ ਨੇ ਕਿਸੇ ਹੋਰ ਨਸ਼ੇ ਵਾਲੇ ਪਦਾਰਥ ਨੂੰ ਲੂਣ ਦੀ ਖੇਪ ਵਿਚ ਮਿਲਾ ਕੇ ਭੇਜਿਆ ਹੋਵੇ। ਇਸ ਦੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ।


Bharat Thapa

Content Editor

Related News