ਲੋੜਵੰਦਾਂ ਤੱਕ ਗੁਰੂ ਕਾ ਲੰਗਰ ਪਹੁੰਚਾਉਣ ਦੀ ਪ੍ਰਵਾਸੀ ਸਿੱਖਾਂ ਵੱਲੋਂ ਵੱਡੀ ਪਹਿਲ (ਵੀਡੀਓ)
Saturday, Feb 02, 2019 - 06:05 PM (IST)
ਹੁਸ਼ਿਆਰਪੁਰ (ਅਮਰੀਕ)— ਪ੍ਰਵਾਸੀ ਪੰਜਾਬੀਆਂ ਦੇ ਯਤਨਾਂ ਸਦਕਾ ਹੁਸ਼ਿਆਰਪੁਰ 'ਚ ਗੁਰੂ ਰਾਮਦਾਸ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਸਦਕਾ ਜ਼ਿਲਾ ਹੁਸ਼ਿਆਰਪੁਰ 'ਚ ਗਰੀਬ ਲੋਕਾਂ ਅਤੇ ਹਰ ਲੋੜਵੰਦ ਪਰਿਵਾਰਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾਂਦਾ ਹੈ।
ਦਰਅਸਲ ਗੁਰੂ ਰਾਮਦਾਸ 'ਲੰਗਰ ਸੇਵਾ' ਵੱਲੋਂ ਕਰੋੜਾਂ ਦੀ ਲਾਗਤ ਨਾਲ 'ਲੰਗਰ ਰਸੋਈ' ਬਣਾਈ ਗਈ ਹੈ, ਜਿੱਥੋਂ ਰੋਜ਼ਾਨਾ ਲੱਖਾਂ ਰੁਪਏ ਦਾ ਭੋਜਨ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਇਥੇ ਕਰੋੜਾਂ ਦੀ ਲਾਗਤ ਨਾਲ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ, ਜਿੱਥੇ 24 ਘੰਟੇ ਲੰਗਰ ਤਿਆਰ ਹੋਵੇਗਾ ਅਤੇ ਵਰਤਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕੀ ਇਥੇ 10 ਹਜ਼ਾਰ ਲੋਕਾਂ ਦਾ ਖਾਣਾ ਇਕੋ ਸਮੇਂ ਤਿਆਰ ਹੁੰਦਾ ਹੈ। ਇਸ ਲੰਗਰ ਨੂੰ ਸਾਰੇ ਸਿਵਲ ਹਸਪਤਾਲਾਂ ਸਮੇਤ ਲੋੜਵੰਦ ਲੋਕਾਂ ਤੱਕ ਸੰਸਥਾ ਵੱਲੋਂ ਤਿੰਨੋਂ ਟਾਈਮ ਗੱਡੀਆਂ ਰਾਹੀਂ ਪਹੁੰਚਾਇਆ ਜਾਵੇਗਾ।
ਇਕ ਮਸ਼ੀਨ ਦੀ ਇਕ ਘੰਟੇ 'ਚ 4 ਹਜ਼ਾਰ ਰੋਟੀ ਬਣਾਉਣ ਦੀ ਸਮਰੱਥਾ ਹੈ, ਜੋ 24 ਘੰਟੇ ਕੰਮ ਕਰੇਗੀ। ਇਸ ਮੌਕੇ 'ਤੇ ਆਏ ਸਿੱਖ ਜਗਤ ਤੋਂ ਤਮਾਮ ਹਸਤੀਆਂ ਨੇ ਸੰਸਥਾ ਅਤੇ ਸੰਸਥਾਪਕ ਭਾਈ ਹਰਜਿੰਦਰ ਸਿੰਘ ਦੀ ਸ਼ਲਾਘਾ ਕੀਤੀ। ਗਿਆਨੀ ਪਿੰਦਰਪਾਲ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਪਰਾਲਾ ਤਰੀਫ ਦੇ ਕਾਬਿਲ ਹੈ ਅਤੇ ਸੰਸਥਾ ਦੀ ਤੰਮਨਾ ਹੈ ਕਿ ਇਸ ਦੇ ਨਾਲ-ਨਾਲ ਲੋੜਵੰਦਾਂ ਨੂੰ ਦਵਾਈਆਂ ਤੱਕ ਪਹੁੰਚਾਈਆਂ ਜਾਣ, ਜਿਸ ਦੇ ਲਈ ਉਹ ਉਪਰਾਲਾ ਕਰਨਗੇ।