ਪੰਜਾਬ ਆਏ ਐੱਨ.ਆਰ.ਆਈ. ਦਾ ਅਬੋਹਰ 'ਚ ਕਤਲ, ਹੋਈ ਅੰਨ੍ਹੇਵਾਹ ਫਾਇਰਿੰਗ

Friday, Oct 20, 2017 - 10:30 PM (IST)

ਪੰਜਾਬ ਆਏ ਐੱਨ.ਆਰ.ਆਈ. ਦਾ ਅਬੋਹਰ 'ਚ ਕਤਲ, ਹੋਈ ਅੰਨ੍ਹੇਵਾਹ ਫਾਇਰਿੰਗ

ਅਬੋਹਰ (ਸੁਨੀਲ)—ਸਥਾਨਕ ਅਬੋਹਰ-ਮਲੋਟ ਜਰਨੈਲੀ ਸੜਕ 'ਤੇ ਪਿੰਡ ਬੱਲੂਆਣਾ ਨੇੜੇ ਢਾਣੀ ਠਾਕੁਰ ਸਿੰਘ ਵਿਖੇ ਰਹਿਣ ਵਾਲੇ ਇਕ ਐੱਨ. ਆਰ. ਆਈ. ਬਲਕਰਨ ਸਿੰਘ ਭੁੱਲਰ (57) ਦੀ ਦੀਵਾਲੀ ਵਾਲੇ ਦਿਨ ਕੁੱਝ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਹੱਤਿਆ ਕਰ ਦਿੱਤੀ।
ਖਬਰਾਂ ਮੁਤਾਬਕ ਬਲਕਰਨ ਸਿੰਘ ਸਵੇਰੇ ਦੀ ਸੈਰ ਕਰ ਰਿਹਾ ਸੀ ਕਿ ਸਮਰਵੀਰ ਸਿੰਘ ਉਰਫ ਸੈਮੀ ਪੁੱਤਰ ਹਰਬੀਰ ਸਿੰਘ, ਕੁਲਬੀਰ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਸੂਰਜ ਨਗਰੀ, ਗੁਰਨੇਕ ਸਿੰਘ ਉਰਫ ਰਿੰਪੀ ਵਾਸੀ ਅਬੋਹਰ, ਗੁਰਤੇਸ਼ਰ ਸਿੰਘ ਪੁੱਤਰ ਗੁਰਨੇਕ ਸਿੰਘ ਵਾਸੀ ਅਜੀਮਗੜ੍ਹ ਅਬੋਹਰ ਅਤੇ ਕੁਝ ਹੋਰਨਾਂ ਵਿਅਕਤੀਆਂ ਨੇ ਉਸ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਘਟਨਾ ਪਿਛੋਂ ਹਮਲਾਵਰ ਉਸ ਦੀ .32 ਬੋਰ ਦੀ ਪਿਸਤੌਲ ਵੀ ਆਪਣੇ ਨਾਲ ਲੈ ਗਏ।
ਪਹਿਲਾਂ ਵੀ ਹੋ ਚੁੱਕੇ ਹਨ ਕਈ ਹਮਲੇ-ਜਾਣਕਾਰੀ ਮੁਤਾਬਕ ਮ੍ਰਿਤਕ ਬਲਕਰਨ ਸਿੰਘ ਭੁੱਲਰ 'ਤੇ ਇਸ ਤੋਂ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਇਸੇ ਕਾਰਨ ਉਸ ਨਾਲ ਉਸਦੇ ਸੱਤ ਨਿੱਜੀ ਅੰਗ ਰੱਖਿਅਕ ਅਤੇ ਪੰਜਾਬ ਪੁਲਸ ਦੇ 2 ਜਵਾਨ ਹਮੇਸ਼ਾ ਪ੍ਰਛਾਵੇਂ ਵਾਂਗ ਨਾਲ ਰਹਿੰਦੇ ਸਨ। ਬਲਕਰਨ ਸਿੰਘ ਖੁਦ ਵੀ 24 ਘੰਟੇ ਆਪਣੀ ਪਿਸਤੌਲ ਆਪਣੇ ਕੋਲ ਰੱਖਦਾ ਸੀ। ਜ਼ਮੀਨੀ ਕੇਸ ਵਿਚ ਜਿੱਤ ਮਿਲਣ ਪਿੱਛੋਂ ਬਲਕਰਨ  ਸਿੰਘ ਇਕ ਧਾਰਮਿਕ ਥਾਂ 'ਤੇ ਮੱਥਾ ਟੇਕਣ ਪਿੱਛੋਂ ਦਿੱਲੀ ਚਲਾ ਗਿਆ ਸੀ। ਉਸਦਾ ਕਾਰੋਬਾਰ ਭਾਰਤ ਦੇ ਨਾਲ-ਨਾਲ ਵਿਦੇਸ਼ ਵਿਚ ਵੀ ਸੀ। ਉਹ ਕਦੇ-ਕਦਾਈਂ ਆਪਣੀ ਜ਼ਮੀਨ 'ਤੇ ਬਣੀ ਢਾਣੀ ਠਾਕੁਰ ਸਿੰਘ ਵਿਖੇ ਆਉਂਦਾ ਸੀ ਅਤੇ ਆਪਣੇ ਜਾਣਕਾਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਦਾ ਸੀ। 
ਉਹ 15 ਦਿਨ ਤੱਕ ਦਿੱਲੀ ਵਿਚ ਰਹਿਣ ਪਿੱਛੋਂ 18 ਅਕਤੂਬਰ ਦੀ ਰਾਤ ਨੂੰ ਆਪਣੀ ਢਾਣੀ ਵਿਖੇ ਪੁੱਜਾ ਸੀ। ਦੀਵਾਲੀ ਦਾ ਤਿਉਹਾਰ ਹੋਣ ਕਾਰਨ ਉਸਨੇ ਆਪਣੇ ਨਿੱਜੀ ਅੰਗ-ਰੱਖਿਅਕਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਸੀ। 19 ਅਕਤੂਬਰ ਨੂੰ ਸਵੇਰੇ ਜਦੋਂ ਉਹ ਸੈਰ ਕਰਨ ਲਈ ਨਿਕਲਿਆ ਤਾਂ ਦੋਵੇਂ  ਸਰਕਾਰੀ ਅੰਗ ਰੱਖਿਅਕ ਉਸ ਨਾਲ ਚੱਲ ਪਏ ਪਰ ਬਲਕਰਨ ਸਿੰਘ ਨੇ ਉਨ੍ਹਾਂ ਨੂੰ ਆਪਣੇ ਨਾਲ ਜਾਣ ਤੋਂ ਰੋਕ ਦਿੱਤਾ। ਬਲਕਰਨ ਸਿੰਘ ਆਪਣੇ ਨਾਲ ਆਪਣੀ ਪਿਸਤੌਲ ਅਤੇ ਇਕ ਹੋਰ ਸਾਥੀ ਨੂੰ ਨਾਲ ਲੈ ਕੇ ਸੈਰ ਲਈ ਨਿਕਲ ਪਿਆ। ਢਾਣੀ ਵਲ ਆ ਰਹੀ ਇਕ ਕਾਰ ਨੂੰ ਵੇਖ ਕੇ ਉਸ ਨੇ ਸਮਝਿਆ ਕਿ ਕੋਈ ਜਾਣਕਾਰ ਦੀਵਾਲੀ ਦੇ ਤਿਉਹਾਰ 'ਤੇ ਵਧਾਈ ਦੇਣ ਜਾਂ ਮਿਲਣ ਲਈ ਉਸ ਵੱਲ ਆ ਰਿਹਾ ਹੈ ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਮੌਤ ਹੀ ਉਸ ਕਾਰ ਵਿਚ ਉਸ ਵੱਲ ਆ ਰਹੀ ਹੈ। ਕਾਰ ਦੇ ਨੇੜੇ ਪਹੁੰਚਦਿਆਂ ਹੀ ਹਮਲਾਵਰਾਂ ਨੇ ਬਲਕਰਨ ਸਿੰਘ ਉਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਬਲਕਰਨ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ। ਗੋਲੀਆਂ ਨੇ ਉਸ ਦੇ ਸਿਰ ਤੇ ਛਾਤੀ ਨੂੰ ਛਲਣੀ- ਛਲਣੀ ਕਰ ਦਿੱਤਾ।
ਹਮਲਾਵਰਾਂ ਨਾਲ ਚੱਲ ਰਿਹਾ ਸੀ ਜ਼ਮੀਨੀ ਵਿਵਾਦ
ਮ੍ਰਿਤਕ ਦੇ ਭਰਾ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਹਮਲਾਵਰਾਂ ਨਾਲ ਜ਼ਮੀਨੀ ਵਿਵਾਦ ਅਦਾਲਤ ਵਿਚ ਚੱਲ ਰਿਹਾ ਸੀ। ਇਸ ਸਾਲ 25 ਸਤੰਬਰ ਨੂੰ ਮਾਣਯੋਗ ਅਦਾਲਤ ਨੇ ਕੇਸ ਦਾ ਫੈਸਲਾ ਉਸ ਦੇ ਭਰਾ ਦੇ ਹੱਕ ਵਿਚ ਦਿੱਤਾ ਸੀ। ਇਸੇ ਰੰਜਿਸ਼ ਕਾਰਨ  ਉਕਤ ਵਿਅਕਤੀਆਂ ਨੇ ਬਲਕਰਨ ਸਿੰਘ ਦੀ ਹੱਤਿਆ ਕਰ ਦਿੱਤੀ।


Related News