ਦੂਜਾ ਵਿਆਹ ਰਚਾਉਣ ਜਾ ਰਹੇ NRI ਲਾੜੇ ਦਾ ਚੜ੍ਹਿਆ ਕੁਟਾਪਾ, ਟੁੱਟੀਆਂ ਦੋਵੇਂ ਲੱਤਾਂ (ਵੀਡੀਓ)
Sunday, Jul 01, 2018 - 06:26 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ,ਅਮਰੀਕ)— ਹੁਸ਼ਿਆਰਪੁਰ ਵਿਖੇ ਇਕ ਵਿਆਹ ਸਮਾਰੋਹ ਦੌਰਾਨ ਉਸ ਸਮੇਂ ਭਾਜਵਾਂ ਪੈ ਗਈ ਜਦੋਂ ਲਾੜੀ ਨੂੰ ਵਿਆਹੁਣ ਜਾ ਰਹੇ ਐੱਨ. ਆਰ.ਆਈ. ਲਾੜੇ 'ਤੇ ਪਹਿਲੀ ਲਾੜੀ ਦੇ ਪਰਿਵਾਰ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ 'ਚ ਲਾੜੇ ਦੀਆਂ ਦੋਵੇਂ ਲੱਤਾਂ ਟੁੱਟ ਤੋੜ ਦਿੱਤੀਆਂ ਗਈਆਂ। ਜ਼ਖਮੀ ਲਾੜੇ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲੇ ਦੇ ਪਿੰਡ ਨੰਗਲ ਫਤੇਹ ਖਾਂ ਦਾ ਐੱਨ.ਆਰ.ਆਈ ਲਾੜਾ ਹਰਵਿੰਦਰ ਸਿੰਘ ਅੱਜ ਸਵੇਰੇ ਕਰੀਬ 10 ਵਜੇ ਵਿਆਹ ਰਚਾਉਣ ਲਈ ਐੱਨ. ਆਰ. ਆਈ. ਲਾੜਾ ਹਰਵਿੰਦਰ ਸਿੰਘ ਹੁਸ਼ਿਆਰਪੁਰ ਸਥਿਤ ਇਕ ਹੋਟਲ ਵੱਲ ਬਾਰਾਤ ਲੈ ਕੇ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਪਿੰਡ ਜਹਾਨਖੇਲਾਂ ਦੇ ਗੁਰਦੁਆਰੇ 'ਚ ਮੱਥਾ ਟੇਕਣ ਤੋਂ ਬਾਅਦ ਗੱਡੀ 'ਚ ਬੈਠਣ ਲੱਗਾ ਤਾਂ ਅਚਾਨਕ 10 ਦੇ ਕਰੀਬ ਵਿਅਕਤੀ ਤਿੰਨ ਗੱਡੀਆਂ 'ਚ ਸਵਾਰ ਹੋ ਕੇ ਆਏ ਅਤੇ ਲਾੜੇ ਨੂੰ ਜਬਰਨ ਗੱਡੀ ਤੋਂ ਉਤਾਰ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਹਮਲਾਵਰ ਫਰਾਰ ਹੋ ਗਏ।
ਹਰਵਿੰਦਰ ਨੇ ਦੱਸਿਆ ਕਿ ਉਸ ਦਾ ਪਹਿਲਾ ਵਿਆਹ ਸਾਲ 1995 'ਚ ਨਕੋਦਰ ਜ਼ਿਲਾ ਜਲੰਧਰ 'ਚ ਹੋਇਆ ਸੀ, ਜਿਸ ਤੋਂ ਉਸ ਦੇ ਦੋ ਬੱਚੇ ਹਨ। ਦੋਵੇਂ ਬੱਚੇ ਉਸ ਦੇ ਕੋਲ ਕੈਲੀਫੋਰਨੀਆ 'ਚ ਰਹਿੰਦੇ ਹਨ। ਸਾਲ 2006 'ਚ ਉਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ। ਹਾਲ ਹੀ ਦੇ ਦਿਨਾਂ 'ਚ ਉਹ ਭਾਰਤ ਆਇਆ ਸੀ ਅਤੇ ਅੱਜ ਦੂਜਾ ਵਿਆਹ ਰਚਾਉਣ ਲਈ ਜਾਂਦੇ ਸਮੇਂ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਉਸ ਦੀ ਪਹਿਲੀ ਪਤਨੀ ਦੇ ਭਰਾਵਾਂ ਨੇ ਕੀਤਾ ਹੈ।

ਉਥੇ ਹੀ ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਹਮਲੇ ਨੂੰ ਲੈ ਕੇ ਸ਼ੱਕ ਆਪਣੀ ਪਹਿਲੀ ਪਤਨੀ ਦੇ ਭਰਾਵਾਂ 'ਤੇ ਜਤਾਇਆ ਹੈ ਕਿਉਂਕ ਉਹ ਆਪਣੀ ਭੈਣ ਦੀ ਹੋਈ ਹੱਤਿਆ 'ਤੇ ਹਰਵਿੰਦਰ ਸਿੰਘ ਨੂੰ ਦੋਸ਼ੀ ਮੰਨਦੇ ਹਨ, ਜਿਸ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
