ਟੋਏ ''ਚ ਡਿੱਗਣ ਨਾਲ ਪ੍ਰਵਾਸੀ ਦੀ ਮੌਤ

03/02/2018 4:49:36 AM

ਅੰਮ੍ਰਿਤਸਰ,   (ਅਰੁਣ)-  ਅਟਾਰੀ-ਜਲੰਧਰ ਬਾਈਪਾਸ ਸਥਿਤ ਰਣਜੀਤ ਐਵੀਨਿਊ ਨੇੜੇ ਬਣ ਰਹੀ ਨਵੀਂ ਸੜਕ 'ਤੇ ਪੁਲ ਸਬੰਧੀ ਠੇਕੇਦਾਰਾਂ ਵੱਲੋਂ ਪੁੱਟੇ ਗਏ ਡੂੰਘੇ ਟੋਏ 'ਚ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਜੋ ਕਿ ਪ੍ਰਵਾਸੀ ਅਤੇ ਭਿਖਾਰੀਨੁਮਾ ਦੱਸਿਆ ਜਾ ਰਿਹਾ ਹੈ, ਦੀ ਸ਼ਨਾਖਤ ਨਹੀਂ ਹੋ ਸਕੀ। ਅੱਜ ਸਵੇਰੇ ਇਤਲਾਹ ਮਿਲਦਿਆਂ ਹੀ ਏ. ਡੀ. ਸੀ. ਪੀ.-2 ਲਖਬੀਰ ਸਿੰਘ ਅਤੇ ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲਿਆ।
ਡੂੰਘੇ ਟੋਏ ਦੇ ਆਲੇ-ਦੁਆਲੇ ਨਹੀਂ ਸੀ ਕੋਈ ਸਾਵਧਾਨੀ ਚਿੰਨ੍ਹ :  ਠੇਕੇਦਾਰਾਂ ਵੱਲੋਂ ਪੁੱਟੇ ਗਏ ਕਰੀਬ 12-15 ਫੁੱਟ ਇਸ ਡੂੰਘੇ ਟੋਏ ਦੇ ਆਲੇ-ਦੁਆਲੇ ਕੋਈ ਵੀ ਰੇਡੀਅਮ ਲਾਈਟ ਜਾਂ ਬੈਰੀਕੇਡ ਦੀ ਵਿਵਸਥਾ ਨਹੀਂ ਸੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਇਸ ਵਿਅਕਤੀ ਦੀ ਟੋਏ ਵਿਚ ਡਿੱਗਣ ਕਾਰਨ ਮੌਤ ਹੋ ਗਈ।
ਅੱਧ-ਨੰਗੇ ਸਰੀਰ 'ਚ ਮਿਲੀ ਲਾਸ਼ : ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੋ ਭਿਖਾਰੀ ਦੱਸਿਆ ਜਾ ਰਿਹਾ ਹੈ, ਨੇ ਨਵੇਂ ਬਣ ਰਹੇ ਇਸ ਪੁਲ ਦੇ ਨੇੜੇ ਹੀ ਆਪਣਾ ਰੈਣ-ਬਸੇਰਾ ਬਣਾ ਰੱਖਿਆ ਸੀ, ਜਿਥੇ ਉਸ ਨੇ ਆਪਣਾ ਬਿਸਤਰਾ ਤੇ ਹੋਰ ਸਾਮਾਨ ਰੱਖਿਆ ਸੀ। ਮ੍ਰਿਤਕ ਜਿਸ ਵੇਲੇ ਇਸ ਡੂੰਘੇ ਟੋਏ ਵਿਚ ਡਿੱਗਾ, ਉਦੋਂ ਉਸ ਨੇ ਅੰਡਰਵੀਅਰ ਹੀ ਪਹਿਨੀ ਹੋਈ ਸੀ।


Related News