ਐੱਨ.ਆਰ.ਆਈ. ਵੀਰਾਂ ਦੀਆਂ ਇਹ ਸ਼ਿਕਾਇਤਾਂ ਹੋਣਗੀਆਂ ਦੂਰ, ਚੰਨੀ ਸਰਕਾਰ ਜਲਦ ਲਿਆਵੇਗੀ ਨਵੀਂ ਪਾਲਸੀ
Friday, Nov 26, 2021 - 10:50 PM (IST)
ਜਲੰਧਰ (ਵੈੱਬ ਡੈਸਕ) : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਚੰਨੀ ਸਰਕਾਰ ਵੱਡਾ ਤੋਹਫ਼ਾ ਦੇ ਸਕਦੀ ਹੈ। ਦਰਅਸਲ ਐੱਨ.ਆਰ. ਆਈ. ਵੀਰਾਂ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਪੰਜਾਬ ਆਉਣ 'ਤੇ ਉਨ੍ਹਾਂ ਨੂੰ ਝੂਠੇ ਕੇਸਾਂ 'ਚ ਫਸਾਉਣ ਲਈ ਪਰਚੇ ਦਰਜ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਸੰਪਤੀਆਂ 'ਤੇ ਕਬਜ਼ੇ ਹੋ ਜਾਂਦੇ ਹਨ। ਹੁਣ ਚੰਨੀ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਲਈ ਜਲਦ ਨਵੀਂ ਪਾਲਸੀ ਲਿਆ ਸਕਦੀ ਹੈ ਜਿਸ ਨਾਲ ਐੱਨ. ਆਰ. ਆਈ. ਵੀਰਾਂ ਨੂੰ ਇਸ ਮਸਲੇ 'ਤੋਂ ਛੁਟਕਾਰਾ ਮਿਲ ਸਕੇਗਾ।'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਦਿਆਂ ਜਦੋਂ ਵਿਦੇਸ਼ ਰਹਿੰਦੇ ਪੰਜਾਬੀਆਂ ਦੀ ਇਸ ਸਮੱਸਿਆ ਦੇ ਹੱਲ ਬਾਰੇ ਪੁੱਛਿਆ ਗਿਆ ਤਾਂ ਚੰਨੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਜਲਦ ਇਕ ਨਵੀਂ ਪਾਲਸੀ ਲਿਆਉਣ ਜਾ ਰਹੀ ਹੈ ਜਿਸ ਨਾਲ ਵਿਦੇਸ਼ੀਆਂ ਦੀ ਸੰਪਤੀ 'ਤੇ ਕਬਜ਼ਾ ਹੋਣ ਜਾਂ ਝੂਠੇ ਪਰਚੇ ਦੀ ਨੌਬਤ ਨਹੀਂ ਆਵੇਗੀ।
ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਥੋੜ੍ਹੇ ਦਿਨਾਂ ਤੱਕ ਇਕ ਪਾਲਸੀ ਲੈ ਕੇ ਆ ਰਹੇ ਹਾਂ ਜਿਸ ਅਨੁਸਾਰ ਫ਼ਰਦ ਵਿੱਚ ਲਿਖਿਆ ਜਾਵੇਗਾ ਕਿ ਇਹ ਐੱਨ.ਆਰ. ਆਈ. ਦੀ ਪ੍ਰਾਪਰਟੀ ਹੈ।ਜੇਕਰ ਕਿਸੇ ਨੇ ਐੱਨ. ਆਰ. ਆਈ. ਦੀ ਜ਼ਮੀਨ ਦੀ ਗਰਦਾਵਰੀ ਬਦਲਣੀ ਹੈ ਤਾਂ ਘੱਟ ਤੋਂ ਘੱਟ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਲੈਣੀ ਪਵੇਗੀ।ਇਸ ਮਗਰੋਂ ਵੀ ਜਦੋਂ ਤੱਕ ਐੱਨ.ਆਰ. ਆਈ. ਦੀ ਸਹਿਮਤੀ ਨਹੀਂ ਆਉਂਦੀ ਉਸ ਸਮੇਂ ਤੱਕ ਗਰਦਾਵਰੀ ਨਹੀਂ ਬਦਲੇਗੀ। ਇਸੇ ਤਰ੍ਹਾਂ ਝੂਠੇ ਪਰਚਿਆਂ ਦੀ ਸ਼ਿਕਾਇਤ ਦੂਰ ਕਰਨ ਲਈ ਵੀ ਪਾਲਸੀ ਲਿਆਂਦੀ ਜਾ ਰਹੀ ਹੈ। ਆਈ.ਜੀ. ਦੇ ਹੁਕਮਾਂ ਤੋਂ ਬਿਨਾਂ ਐੱਨ.ਆਰ. ਆਈ. 'ਤੇ ਪਰਚਾ ਦਰਜ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਕੰਮ ਨਹੀਂ ਹੋਣਗੇ ਕਿ ਮੁਨਸ਼ੀ ਨੂੰ ਪੈਸੇ ਦੇ ਦਿਓ ਤੇ ਪਰਚਾ ਦਰਜ ਕਰਵਾ ਦਿਓ।
ਅੱਗੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਐੱਨ.ਆਰ.ਆਈ. ਦੀ ਪੰਜਾਬ ਵਿੱਚ ਹਰ ਤਰ੍ਹਾਂ ਦੀ ਹਿਫਾਜ਼ਤ ਹੋਵੇਗੀ। ਉਹ ਸਾਡਾ ਭਾਈ ਹੈ ਅਸੀਂ ਇੱਥੇ ਆਏ ਨੂੰ ਅੱਖਾਂ 'ਤੇ ਬਿਠਾਂਵਾਂਗੇ। ਵੇਖੋ ਮੁੱਖ ਮੰਤਰੀ ਨਾਲ ਪੂਰੀ ਗੱਲਬਾਤ... ਕੁਮੈਂਟ ਕਰਕੇ ਦੱਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ