ਹੁਣ ਝੋਨੇ ਦੀ ਕਟਾਈ ਤੋਂ ਅਗਲੇ ਦਿਨ ਹੀ ਕਰ ਸਕੋਗੇ ਕਣਕ ਦੀ ਬਿਜਾਈ, ਵਾਤਾਵਰਨ ਨੂੰ ਵੀ ਨਹੀਂ ਹੋਵੇਗਾ ਕੋਈ ਨੁਕਸਾਨ

10/18/2023 5:52:30 PM

ਗੁਰਦਾਸਪੁਰ (ਹਰਮਨ) : ਖੇਤਾਂ ਵਿਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਨਿਪਟਾਉਣ ਅਤੇ ਕਣਕ ਦੀ ਬਿਜਾਈ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਕਈ ਬਦਲ ਦਿੱਤੇ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਅਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਫੇਸ ਸੀਡਰ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਸਸਤੀ ਅਤੇ ਸੌਖੀ ਵਿਧੀ ਨਾਲ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਵੱਲੋਂ ਬਗੈਰ ਪਰਾਲੀ ਨੂੰ ਅੱਗ ਲਗਾਏ ਅਤੇ ਖੇਤਾਂ ਨੂੰ ਵਾਹਣ ਤੋਂ ਬਿਨਾਂ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ। ਕੁੱਝ ਕਿਸਾਨ ਇਸ ਨੂੰ ਗਿਆਨ ਅਤੇ ਮਲਚਿੰਗ ਵਿਧੀ ਵੀ ਕਹਿੰਦੇ ਹਨ। ਖੇਤ ਨੂੰ ਵਾਹੁਣ ਅਤੇ ਭਾਰੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ, ਸਮੱਰਟ ਸੀਡਰ, ਬੀਜ ਡਰਿਲ ਅਤੇ ਵੱਡੇ ਟ੍ਰੈਕਟਰ ਆਦਿ ਦੀ ਵਰਤੋਂ ਕਰਨ ਬਗੈਰ ਹੀ ਕਣਕ ਬੀਜਣ ਦੀ ਅਜਿਹੀ ਵਿਧੀ ਹੈ ਜਿਸ ਨਾਲ ਸਮੇਂ ਸਿਰ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਲਈ ਜਿਆਦਾ ਮਹਿੰਗੀਆਂ ਅਤੇ ਭਾਰੀਆਂ ਮਸ਼ੀਨਾਂ ਦੀ ਲੋੜ ਨਹੀਂ ਪੈਂਦੀ ਅਤੇ ਬਿਜਾਈ ਉਪਰੰਤ ਖੇਤ ਵਿੱਚ ਫਸਲੀ ਰਹਿੰਦ ਖੂੰਹਦ ਪਈ ਹੋਣ ਕਰਕੇ ਨਦੀਨ ਵੀ ਬਹੁੱਤ ਘੱਟ ਉਗਦੇ ਹਨ, ਜਿਸ ਕਾਰਨ ਨਦੀਨਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਵੀ ਨਹੀਂ ਰਹਿੰਦੀ।

ਇਹ ਵੀ ਪੜ੍ਹੋ : ਝਾਰਖੰਡ ਤੋਂ ਅਫੀਮ ਸਪਲਾਈ ਕਰਨ ਆਏ 11ਵੀਂ ਦੀ ਵਿਦਿਆਰਥਣ ਸਣੇ 2 ਕਾਬੂ

ਕੀ ਹੈ ਤਕਨੀਕ ?
ਕੰਬਾਈਨ ਨਾਲ ਝੋਨਾ ਵੱਢਣ ਤੋਂ ਬਾਅਦ ਕਣਕ ਦੇ ਬੀਜ ਅਤੇ 45 ਕਿੱਲੋ ਡਾਇਆ ਖਾਦ ਦਾ ਇਕਸਾਰ ਛੱਟਾ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਖੜ੍ਹੇ ਕਰਚਿਆਂ ਵਿੱਚ ਛੱਟਾ ਦੇਣ ਉਪਰੰਤ ਮਲਚਰ ਜਾਂ ਕਟਰ ਕਮ ਸਪਰੈਡਰ ਨਾਲ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਇਕਸਾਰ ਖਿਲਾਰ ਦੇਣਾ ਚਾਹੀਦਾ ਹੈ ਤਾਂ ਜੋ ਕਣਕ ਸਹੀ ਤਰ੍ਹਾਂ ਉਗ ਸਕੇ। ਇਸ ਤੋਂ ਇਲਾਵਾ ਮੁੱਢ ਕੱਟਣ ਲਈ ਰੀਪਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਵੱਤਰ ਜ਼ਿਆਦਾ ਹੈ ਤਾਂ ਪਾਣੀ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਰਾਤ ਨੂੰ ਤਰੇਲ ਪੈਣ ਨਾਲ ਬੀਜ ਉਪਰ ਪਈ ਪਰਾਲੀ ਵਿੱਚ ਕਾਫੀ ਨਮੀ ਹੋ ਜਾਂਦੀ ਹੈ ਅਤੇ ਬੀਜ ਉਗਣ ਵਿੱਚ ਸਹਾਈ ਹੁੰਦੀ ਹੈ।

ਯੂਨੀਵਰਸਿਟੀ ਨੇ ਤਿਆਰ ਕੀਤੀ ਸਰਫੇਸ ਸੀਡਰ ਡਰਿੱਲ
ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਫੇਸ ਸੀਡਰ ਨਾਮ ਦੀ ਇੱਕ ਮਸ਼ੀਨ ਵੀ ਵਿਕਸਤ ਕੀਤੀ ਗਈ ਹੈ। ਜਿਸ 'ਤੇ ਪੰਜਾਬ ਸਰਕਾਰ ਵੱਲੋਂ 40 ਹਜਾਰ ਤੋਂ 64 ਹਜਾਰ ਤੱਕ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇਹ ਮਸ਼ੀਨ ਆਮ ਮਸ਼ੀਨਾਂ ਨਾਲੋਂ ਸਸਤੀ ਤੇ ਸਧਾਰਨ ਮਸ਼ੀਨ ਹੈ। ਜਿਸ ਵਿੱਚ ਕਟਰ-ਕਮ-ਸਪਰੈਡਰ ਦੇ ਉੱਪਰ (ਬਿਨਾਂ ਫਾਲਿਆਂ ਤੋਂ) ਬਿਜਾਈ ਵਾਲੀ ਡਰਿੱਲ ਦਾ ਉਪਰਲਾ ਹਿੱਸਾ ਪਾਇਪਾਂ ਸਮੇਤ ਫਿੱਟ ਕੀਤਾ ਗਿਆ ਹੈ। ਇਹ ਬੀਜ ਅਤੇ ਖਾਦ ਸੁੱਟਣ ਦੇ ਨਾਲ-ਨਾਲ ਪਰਾਲੀ ਨੂੰ ਕੱਟ ਕੇ ਖੇਤ ਵਿੱਚ ਇਕਸਾਰ ਖਿਲਾਰ ਦਿੰਦੀ ਹੈ ਅਤੇ ਬਾਅਦ ਵਿੱਚ ਪਾਣੀ ਲਗਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕੰਬਾਈਨ ਹਾਰਵੈਸਟਰ ਦੇ ਉਪਰ ਵੀ ਇੱਕ ਅਟੈਚਮੈਂਟ ਫਿੱਟ ਕੀਤੀ ਗਈ ਹੈ ਜੋ ਕਿ ਝੋਨੇ ਦੀ ਵਾਢੀ ਦੇ ਨਾਲੋ-ਨਾਲ ਬੀਜ ਅਤੇ ਖਾਦ ਇਕਸਾਰ ਕੇਰ ਦਿੰਦੀ ਹੈ। ਜੇਕਰ ਇਹ ਮਸ਼ੀਨਾਂ ਉਪਲਬਧ ਨਾ ਹੋਣ ਤਾਂ ਕੰਬਾਈਨ ਨਾਲ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੇ ਬੀਜ ਅਤੇ ਖਾਦ ਦਾ ਹੱਥੀਂ ਛੱਟਾ ਮਾਰ ਕੇ ਬਾਅਦ ਵਿੱਚ ਕਟਰ-ਕਮ-ਸਪਰੈਡਰ ਚਲਾ ਕੇ ਪਾਣੀ ਲਾ ਦਿੱਤਾ ਜਾਂਦਾ ਹੈ।

ਖੇਤ ਦੀ ਤਿਆਰੀ
ਇਸ ਤਕਨੀਕ ਦੀ ਪੂਰਨ ਸਫਲਤਾ ਲਈ ਝੋਨੇ ਦੇ ਖੇਤ ਨੂੰ ਬਿਜਾਈ, ਲੁਆਈ ਤੋਂ ਪਹਿਲਾਂ ਪੱਧਰਾ ਕਰਕੇ ਛੋਟੇ ਕਿਆਰੇ ਬਣਾਉ ਅਤੇ ਅਖੀਰਲਾ ਪਾਣੀ ਕੱਦੂ ਕਰਕੇ ਲਾਏ ਝੋਨੇ ਦੀ ਵਾਢੀ ਤੋਂ 15 ਦਿਨ ਪਹਿਲਾਂ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ 10 ਦਿਨ ਪਹਿਲਾਂ ਦਿਓ ਤਾਂ ਕਿ ਝੋਨੇ ਦੀ ਕੰਬਾਈਨ ਨਾਲ ਵਾਢੀ ਕਰਨ ਅਤੇ ਕਣਕ ਦੀ ਬਿਜਾਈ ਸਮੇਂ ਖੇਤ ਸੁੱਕਾ ਹੋਵੇ। 

ਇਹ ਵੀ ਪੜ੍ਹੋ :  ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਖ਼ਿਲਾਫ਼ ਵੱਡਾ ਦਾਅ ਖੇਡਣ ਲਈ ਮੈਦਾਨ 'ਚ ਉੱਤਰੀ 'ਆਪ'

ਸਰਫੇਸ ਸੀਡਰ ਕਮ ਮਲਚਰ ਦੀ ਸਮਰੱਥਾ
ਇਹ ਪਰਾਲੀ ਨੂੰ ਖੇਤ ਵਿੱਚ ਸਾਂਭਣ ਦਾ ਸੌਖਾ ਅਤੇ ਸਸਤਾ ਤਰੀਕਾ ਹੈ। ਝੋਨੇ ਦੀ ਕਟਾਈ ਤੋਂ ਅਗਲੇ ਹੀ ਦਿਨ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਹੈ ਜੋ 700-800 ਰੁਪਏ ਵਿੱਚ ਇੱਕ ਏਕੜ ਦੀ ਬਿਜਾਈ ਕਰ ਦਿੰਦੀ ਹੈ ਅਤੇ 45-50 ਮਿੰਟ ਵਿੱਚ ਇੱਕ ਏਕੜ ਰਕਬੇ ਵਿਚ ਬਿਜਾਈ ਦਾ ਕੰਮ ਹੋ ਜਾਂਦਾ ਹੈ। ਇਸ ਤਕਨੀਕ ਨਾਲ ਇਕ ਦਿਨ ਵਿਚ 14-16 ਏਕੜ ਵਿਚ ਬਿਜਾਈ ਕੀਤੀ ਜਾ ਸਕਦੀ ਹੈ। ਜਦੋਂ ਕਿ ਸੁਪਰ ਸੀਡਰ ਨਾਲ 5-8 ਏਕੜ ਪ੍ਰਤੀ ਦਿਨ ਬਿਜਾਈ ਕੀਤੀ ਜਾ ਸਕਦੀ ਹੈ

ਮਿੱਟੀ, ਹਵਾ, ਪਾਣੀ 'ਤੇ ਕਿਹੋ ਜਿਹਾ ਪੈਂਦਾ ਹੈ ਪ੍ਰਭਾਵ?
ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਕਿਸੇ ਵੀ ਸੂਰਤ ਵਿਚ ਅੱਗ ਨਹੀਂ ਲਗਾਉਦੀ ਚਾਹੀਦੀ। ਉਨ੍ਹਾਂ ਕਿਹਾ ਕਿ ਹੁਣ ਅਜਿਹੀਆਂ ਅਨੇਕਾਂ ਤਕਨੀਕਾਂ ਤੇ ਮਸ਼ੀਨਾਂ ਉਪਲਬਧ ਹਨ ਜਿਨਾਂ ਦੀ ਮਦਦ ਨਾਲ ਰਹਿੰਦ ਖੂੰਹਦ ਨੂੰ ਅਸਾਨੀ ਨਾਲ ਖੇਤ ਵਿਚ ਮਿਲਾਇਆ ਜਾ ਸਕਦਾ ਹੈ ਅਤੇ ਜਾਂ ਫਿਰ ਇਕੱਤਰ ਕਰਕੇ ਹੋਰ ਕੰਮ ਲਈ ਵਰਤਿਆ ਜਾ ਸਕਦਾ ਹੈ। ਜੇਕਰ ਕਿਸਾਨ ਪਰਾਲੀ ਨੂੰ ਖੇਤ ਵਿਚ ਹੀ ਵਾਹ ਦੇਣ ਤਾਂ ਇਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬਚਦਾ ਹੈ ਉਥੇ ਮਿੱਟੀ ਵਿੱਚ ਜੈਵਿਕ ਮਾਦਾ ਵਧਣ ਕਾਰਨ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਕਈ ਸਾਲ ਲਗਾਤਾਰ ਪਰਾਲੀ ਨੂੰ ਖੇਤ ਵਿੱਚ ਹੀ ਰੱਖਣ ਨਾਲ ਖੇਤ ਦੀ ਆਰਗੈਨਿਕ ਕਾਰਬਨ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਵਰਤੋਂ ਵੀ ਘੱਟ ਕਰਨੀ ਪੈਂਦੀ ਹੈ ਜਿਸ ਨਾਲ ਖੇਤੀ ਖਰਚੇ ਘੱਟਦੇ ਹਨ ਅਤੇ ਮਿੱਟੀ, ਹਵਾ ਤੇ ਪਾਣੀ ਵੀ ਪ੍ਰਦੂਸ਼ਣ ਮੁਕਤ ਹੁੰਦਾ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਖੇਤ ਵਿਚ ਅੱਗ ਨਾ ਲਗਾਉਣ।

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ, ਸੜਕ ਕਿਨਾਰੇ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News