ਹੁਣ ਕੋਰੋਨਾ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਨੂੰ ਵਰਗਲਾਉਣ ਲੱਗਾ SFJ
Friday, May 07, 2021 - 01:40 AM (IST)
ਚੰਡੀਗੜ੍ਹ, (ਰਮਨਜੀਤ)- ਭਾਰਤ ਸਰਕਾਰ ਵਲੋਂ ਅੱਤਵਾਦੀ ਸੰਗਠਨ ਦੇ ਤੌਰ ’ਤੇ ਐਲਾਨੇ ਅਮਰੀਕੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ਼. ਜੇ.) ਨੇ ਆਪਣੀਆਂ ਸ਼ਰਾਰਤੀ ਸਰਗਰਮੀਆਂ ਜਾਰੀ ਰੱਖੀਆਂ ਹਨ। ਇਸ ਵਾਰ ਐੱਸ. ਐੱਫ਼ .ਜੇ. ਵਲੋਂ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਅਤੇ ਆਕਸੀਜਨ ਦੇ ਨਾਂ ’ਤੇ ਭੜਕਉਣ ਦਾ ਯਤਨ ਕੀਤਾ ਗਿਆ ਹੈ। ਅੱਤਵਾਦੀ ਸੰਗਠਨ ਐੱਸ.ਐੱਫ਼.ਜੇ. ਦੀ ਇਸ ਹਰਕਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਸ ਵਲੋਂ ਹਰ ਤਰ੍ਹਾਂ ਦੀਆਂ ਆਨਲਾਈਨ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਨਾਲ ਹੀ ਦੇਸ਼ ਦੀਆਂ ਹੋਰ ਖੁਫੀਆ ਏਜੰਸੀਆਂ ਵਲੋਂ ਵੀ ਇਸ ਮਾਮਲੇ ਵਿਚ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ ਵਿਚ ਖਾਲਿਸਤਾਨ ਦੇ ਨਾਂ ’ਤੇ ਲੋਕਾਂ ਨੂੰ ਲਗਾਤਾਰ ਭੜਕਾਉਣ ਦੇ ਯਤਨ ਕਰ ਰਹੇ ਐੱਸ.ਐੱਫ.ਜੇ. ਵਲੋਂ ਪਹਿਲਾਂ ਕਦੇ ਚੀਨ ਦੇ ਨਾਲ ਟਕਰਾਅ ਸਮੇਂ ਤਾਂ ਕਦੇ ਕਿਸਾਨ ਅੰਦੋਲਨ ਦੇ ਨਾਂ ’ਤੇ ਇਸੇ ਤਰ੍ਹਾਂ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਲੋਕਾਂ ਨੂੰ ਸਰਕਾਰੀ ਇਮਾਰਤਾਂ ’ਤੇ ਖਾਲਿਸਤਾਨ ਦੇ ਝੰਡੇ ਲਹਿਰਾਉਣ ਦਾ ਲਾਲਚ ਵੀ ਦਿੱਤਾ ਗਿਆ ਸੀ ਅਤੇ ਝੰਡਾ ਲਹਿਰਾਉਣ ਦੇ ਬਦਲੇ ਵਿਚ ਪੈਸੇ ਦੇਣ ਦੀ ਗੱਲ ਵੀ ਕੀਤੀ ਸੀ ਪਰ ਐੱਸ.ਐੱਫ਼.ਜੇ. ਦੀ ਗੱਲ ਮੰਨ ਕੇ ਮੋਗਾ ਦੇ ਮਿੰਨੀ ਸਕੱਤਰੇਤ ’ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੌਜਵਾਨਾਂ ਨੂੰ ਅੱਤਵਾਦੀ ਸੰਗਠਨ ਵਲੋਂ ਪੈਸਿਆਂ ਦੀ ਮਦਦ ਤਾਂ ਕੀ ਮਿਲਣੀ ਸੀ, ਉਲਟਾ ਉਹ ਨੌਜਵਾਨ ਅਜੇ ਤੱਕ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਹੈ।
ਪੰਜਾਬ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਹ ਸੰਗਠਨ ਅਸਲ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰਿਆਂ ’ਤੇ ਕੰਮ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਭੜਕਾਉਣ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇਸ ਸੰਗਠਨ ਦੇ ਗੁਰਪਤਵੰਤ ਸਿੰਘ ਪੰਨੂ ਵਲੋਂ ਜੋ ਸ਼ੋਸ਼ਾ ਛੱਡਿਆ ਗਿਆ ਹੈ ਕਿ ਉਨ੍ਹਾਂ ਦੇ ਸੰਗਠਨ ਵਲੋਂ ਕੋਰੋਨਾ ਪੀੜਤ ਪਰਿਵਾਰਾਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਦਿੱਤੇ ਜਾਣਗੇ, ਬਿਲਕੁਲ ਘੱਟੀਆ ਚਾਲ ਹੈ ਅਤੇ ਬਿਮਾਰ ਲੋਕਾਂ ਦਾ ਮਜ਼ਾਕ ਉਡਾਉਣ ਸਮਾਨ ਹੈ। ਉਨ੍ਹਾਂ ਕਿਹਾ ਕਿ ਆਈ.ਐੱਸ.ਆਈ. ਅਤੇ ਐੱਸ.ਐੱਫ਼.ਜੇ. ਵਲੋਂ ਪੰਜਾਬ ਦੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ ਤਾਂ ਕਿ ਬਾਅਦ ਵਿਚ ਉਨ੍ਹਾਂ ਦਾ ਰੈਡੀਕਲਾਈਜੇਸ਼ਨ ਕਰਕੇ ਉਨ੍ਹਾਂ ਕੋਲੋਂ ਦੇਸ਼ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦਿਵਾਇਆ ਜਾਵੇ ਪਰ ਪੰਜਾਬ ਪੁਲਸ ਇਨ੍ਹਾਂ ਲੋਕਾਂ ਦੀ ਕੋਈ ਵੀ ਚਾਲ ਸਫ਼ਲ ਨਹੀਂ ਹੋਣ ਦੇਵੇਗੀ।
ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਪੁਲਸ ਦੇ ਉਚ ਅਧਿਕਾਰੀ ਨੇ ਦੱਸਿਆ ਦੇ ਪੰਨੂ ਵਲੋਂ 29 ਅਪ੍ਰੈਲ ਨੂੰ ਦਿੱਤੇ ਇਸ ਝਾਂਸੇ ਵਿਚ ਆ ਕੇ ਕੁੱਝ ਨੌਜਵਾਨਾਂ ਵਲੋਂ ਫੰਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਬਾਰੇ ਪੰਜਾਬ ਪੁਲਸ ਵਲੋਂ ਪਤਾ ਲਗਾ ਕੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਪੰਨੂ ਅਤੇ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਦੀ ਘਟੀਆ ਸਾਜਿਸ਼ ਬਾਰੇ ਦੱਸਿਆ ਗਿਆ ਹੈ ਤਾਂ ਕਿ ਇਹ ਲੋਕ ਝਾਂਸੇ ਵਿਚ ਆ ਕੇ ਗਲਤ ਰਸਤੇ ’ਤੇ ਨਾ ਚੱਲ ਪੈਣ। ਅਜਿਹੇ ਮਾਮਲੇ ਮੋਗਾ, ਅੰਮ੍ਰਿਤਸਰ, ਗੁਰਦਾਸਪੁਰ, ਰੋਪੜ ਅਤੇ ਲੁਧਿਆਣਾ ਵਿਚ ਸਾਹਮਣੇ ਆਏ ਹਨ।