ਹੁਣ 11ਵੀਂ ਤੇ 12ਵੀਂ ਦੇ ਪਾਠਕ੍ਰਮਾਂ ਦਾ ਵੀ ਟੀ.ਵੀ. ਚੈਨਲ ਜ਼ਰੀਏ ਹੋਵੇਗਾ ਪ੍ਰਸਾਰਨ

Friday, Jun 12, 2020 - 05:23 PM (IST)

ਹੁਣ 11ਵੀਂ ਤੇ 12ਵੀਂ ਦੇ ਪਾਠਕ੍ਰਮਾਂ ਦਾ ਵੀ ਟੀ.ਵੀ. ਚੈਨਲ ਜ਼ਰੀਏ ਹੋਵੇਗਾ ਪ੍ਰਸਾਰਨ

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ) - ਤਾਲਾਬੰਦੀ 'ਚ ਹੋਏ ਵਾਧੇ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਵੀ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਸੰਜੀਦਗੀ ਵਰਤਦਿਆਂ ਹੁਣ 11ਵੀਂ ਅਤੇ 12ਵੀਂ ਜਮਾਤ ਦੇ ਪਾਠਕ੍ਰਮਾਂ ਨੂੰ ਚੈਨਲ ਜ਼ਰੀਏ ਪ੍ਰਸਾਰਿਤ ਕਰਨ  ਫੈਸਲਾ ਲਿਆ ਹੈ। 20 ਅਪ੍ਰੈਲ  ਤੋਂ ਪਹਿਲਾਂ ਹੀ ਕਈ ਜਮਾਤਾਂ ਦੇ ਡੀ.ਡੀ ਪੰਜਾਬੀ ਚੈਨਲ ਜ਼ਰੀਏ ਪਾਠਕ੍ਰਮ ਪ੍ਰਸਾਰਿਤ ਹੋ ਰਹੇ ਹਨ, ਜੋ ਰੋਜ਼ਾਨਾ ਸਮਾਂਬੱਧ ਤਰੀਕੇ ਨਾਲ ਬੱਚਿਆਂ ਤੱਕ ਉਨ੍ਹਾਂ  ਦੇ ਪੜ੍ਹਾਈ ਦਾ ਮੁੱਖ ਜ਼ਰੀਆ ਬਣੇ ਹੋਏ ਹਨ। ਇਸ ਵਾਰ ਸਿੱਖਿਆ ਵਿਭਾਗ ਨੇ ਇਸ ਲੜੀ  'ਚ ਵਾਧਾ ਕਰਦਿਆਂ 11ਵੀਂ ਤੇ 12ਵੀਂ ਜਮਾਤ ਦੇ ਕੁੱਝ ਪਾਠਕ੍ਰਮ ਵੀ ਜੋੜ ਦਿੱਤੇ ਹਨ। 

ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਅਤੇ ਵੈਬਸਾਈਜ਼ ਜ਼ਰੀਏ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਜਾਰੀ ਕਰ ਦਿੱਤੀਅਾਂ ਹਨ ਕਿ ਉਹ ਉਕਤ ਚੈਨਲ 'ਤੇ ਪੜ੍ਹਾਈ ਕਰਨ ਵਾਲੇ ਬੱਚਿਆਂ ਤੋਂ ਫੀਡਬੈਕ ਲੈਣ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਖ਼ੁਦ ਵੀ ਚੈਨਲ 'ਤੇ  ਪੜ੍ਹਾਈ ਦੇ ਟੈਲੀਕਾਸਟ ਹੁੰਦੇ ਪ੍ਰੋਗਰਾਮ ਦੇਖਣਾ ਯਕੀਨੀ ਬਣਾਉਣ। ਵਿਭਾਗ ਦੇ ਨਿਰਦੇਸ਼ ਹਨ ਕਿ ਅਧਿਆਪਕ ਵਿਦਿਆਰਥੀਆਂ ਨਾਲ ਲਗਾਤਾਰ ਤਾਲਮੇਲ ਰੱਖਣ ਅਤੇ ਪਾਠਕ੍ਰਮ ਪ੍ਰਸਾਰਨ ਦੀ ਸੂਚਨਾ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੱਕ ਪੁੱਜਦਾ ਕਰਨ। ਤਾਂ ਜੋ ਵਿਦਿਆਰਥੀਆਂ ਨੂੰ  ਪੜ੍ਹਾਈ ਵਿਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਸਕੂਲ ਮੁਖੀਆਂ ਨੂੰ ਇਹ ਸਖ਼ਤ ਹਦਾਇਤ ਹੈ ਕਿ ਉਹ ਪਿੰਡਾਂ 'ਚ ਅਨਾਊਸਮੈਂਟ ਜ਼ਰੀਏ ਲੋਕਾਂ ਤੱਕ ਇਹ ਜਾਣਕਾਰੀ  ਪੁੱਜਦੀ ਕਰਨ।

ਦੱਸ ਦੇਈਏ ਕਿ ਸਿੱਖਿਆ ਵਿਭਾਗ ਵੱਲੋਂ 20 ਅਪ੍ਰੈਲ ਤੋਂ ਡੀ.ਟੀ.ਐਚ  ਦੇ ਮੁਫ਼ਤ ਚੈਨਲ ਡੀ.ਡੀ ਪੰਜਾਬੀ 'ਤੇ ਤੀਜੀ ਤੋਂ ਪੰਜਵੀਂ, 9ਵੀਂ ਤੇ 10ਵੀਂ ਲਈ ਪਹਿਲਾਂ ਹੀ ਲੈਕਚਰ ਪ੍ਰਸਾਰਿਤ ਕੀਤੇ ਜਾ ਰਹੇ ਹਨ, ਪਰ ਹੁਣ ਲਾਕਡਾਊਨ ਦੀ ਮਿਆਦ ਵਿਚ ਹੋਏ ਵਾਧੇ ਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰਖਦਿਅਾਂ ਸਿੱਖਿਆ ਵਿਭਾਗ ਨੇ ਇਹ ਫੈਸਲਾ ਕੀਤਾ ਹੈ ਕਿ ਡੀ.ਡੀ ਪੰਜਾਬੀ ਚੈਨਲ 'ਤੇ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਾਠਕ੍ਰਮ  ਵੀ ਪ੍ਰਸਾਰਿਤ ਕੀਤੇ ਜਾਣਗੇ।


author

Harinder Kaur

Content Editor

Related News