ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਨਵੰਬਰ ਮਹੀਨਾ, ਰੋਜ਼ਾਨਾ ਕਰਵਾਏ ਜਾਣਗੇ ਸਮਾਗਮ

Tuesday, Oct 18, 2022 - 03:45 PM (IST)

ਚੰਡੀਗੜ੍ਹ : ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨਵੰਬਰ ਮਹੀਨੇ ਨੂੰ ‘ਪੰਜਾਬੀ ਮਾਹ’ ਵਜੋਂ ਮਨਾਇਆ ਜਾਵੇਗਾ। ਇਸ ਤਹਿਤ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਸਬੰਧੀ ਵੱਖ-ਵੱਖ ਥਾਂਵਾਂ 'ਤੇ ਰਾਜ ਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾਣਗੇ। 

ਇਹ ਜਾਣਕਾਰੀ ਸਾਂਝੀ ਕਰਦਿਆਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬੀ ਮਾਹ ਦੀ ਸ਼ੁਰੂਆਤ 1 ਨਵੰਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਰਾਹੀਂ ਹੋਵੇਗੀ ਜਿਸ ਤੋਂ ਬਾਅਦ ਪੂਰਾ ਮਹੀਨਾ ਸੂਬੇ ਦੇ ਵੱਖ-ਵੱਖ ਥਾਂਵਾਂ 'ਤੇ ਰੋਜ਼ਾਨਾ ਪ੍ਰੋਗਰਾਮ ਹੋਣਗੇ। 30 ਨਵੰਬਰ ਨੂੰ ਸਮਾਪਤੀ ਸਮਾਰੋਹ ਹੋਵੇਗਾ। ਮਹੀਨੇ ਦੌਰਾਨ ਸੱਤ ਰਾਜ ਪੱਧਰੀ ਤੇ ਬਾਕੀ ਜ਼ਿਲ੍ਹਾ ਪੱਧਰੀ ਸਮਾਗਮ ਹੋਣਗੇ ਅਤੇ ਹਰ ਜ਼ਿਲ੍ਹੇ 'ਚ ਘੱਟੋ-ਘੱਟ ਇਕ ਸਮਾਗਮ ਹੋਵੇਗਾ। ਇਸ ਦੌਰਾਨ ਆਪਣੀਆਂ ਰਚਨਾਵਾਂ ਨਾਲ ਪੰਜਾਬੀ ਭਾਸ਼ਾ ਨੂੰ ਅਮੀਰੀ ਬਖ਼ਸ਼ਣ ਵਾਲੀਆਂ ਮਹਾਨ ਸਖਸ਼ੀਅਤਾਂ ਨੂੰ ਸਮਰਪਿਤ ਸਮਾਗਮ ਵੀ ਕਰਵਾਏ ਜਾਣਗੇ। 

ਇਹ ਖ਼ਬਰ ਵੀ ਪੜ੍ਹੋ - ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ

ਉਚੇਰੀ ਸਿੱਖਿਆ ਮੰਤਰੀ ਦੇ ਨਿਰਦੇਸ਼ਾਂ 'ਤੇ ਪੰਜਾਬੀ ਮਾਹ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ ਲਈ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਵੱਲੋਂ ਪੰਜਾਬ ਭਵਨ ਵਿਖੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬੀ ਮਾਹ ਦੇ ਉਦਘਾਟਨੀ ਸਮਾਰੋਹ 'ਚ ਸਾਹਿਤਕ ਸਮਾਗਮ ਕਰਵਾਉਣ ਦੇ ਨਾਲ ਸਰਵੋਤਮ ਪੰਜਾਬੀ ਪੁਰਸਕਾਰ ਵੀ ਵੰਡੇ ਜਾਣਗੇ। 1 ਤੋਂ 7 ਨਵਬੰਰ ਤਕ ਪਟਿਆਲਾ ਵਿਖੇ ਰਾਜ ਪੱਧਰੀ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਨਾਟ ਮੰਡਲੀਆਂ ਵੱਲੋਂ ਨਾਟਕ ਪੇਸ਼ ਕੀਤੇ ਜਾਣਗੇ ਅਤੇ ਉਭਰਦੇ ਲੇਖਕਾਂ ਨਾਲ ਸੰਵਾਦ ਰਚਾਇਆ ਜਾਵੇਗਾ। 1 ਨਵੰਬਰ ਨੂੰ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਪੰਜਾਬੀ ਭਾਸ਼ਾ ਚੇਤਨਾ ਰੈਲੀ ਕੱਢੀ ਜਾਵੇਗੀ।

ਕਰਵਾਏ ਜਾਣਗੇ ਇਹ ਮੁਕਾਬਲੇ

ਪ੍ਰੋਗਰਾਮਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਦੀ ਜੁਆਇੰਟ ਡਾਇਰੈਕਟਰ ਵੀਰਪਾਲ ਕੌਰ ਨੇ ਦੱਸਿਆ ਕਿ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ 'ਚ ਲੇਖਣ ਮਿਲਣੀ, ਕਵੀ ਦਰਬਾਰ, ਸਾਹਿਤਕ ਕੁਇਜ਼ ਮੁਕਾਬਲਾ, ਕੋਰੀਓਗ੍ਰਾਫੀ, ਲੋਕ ਧਾਰਾ, ਲੋਕ ਭਾਸ਼ਾ ਅਤੇ ਲੋਕ ਗੀਤ ਮੁਕਾਬਲੇ, ਸਾਹਿਤ ਸਿਰਜਣਾ ਤੇ ਕਵਿਤਾ ਗਾਇਨ ਮੁਕਾਬਲੇ, ਨਾਟਕ ਮੇਲਾ, ਰੂਬਰੂ ਸਮਾਗਮ, ਪੁਆਧੀ ਕਵੀ ਦਰਬਾਰ, ਪੁਸਤਕ ਰਿਲੀਜ਼ ਸਮਾਗਮ, ਪ੍ਰੰਪਰਾਗਤ ਲੋਕ ਗਾਇਕੀ ਸਮਾਗਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ, ਵਾਰਿਸ਼ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ, ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਹਾੜੇ, ਨਾਵਲਕਾਰ ਨਾਨਕ ਸਿੰਘ ਦੀ 125 ਸਾਲਾ ਜਨਮ ਦਿਹਾੜੇ, ਸਾਹਿਤ ਰਤਨ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਸਮਾਗਮ ਵੀ ਕਰਵਾਏ ਜਾ ਰਹੇ ਹਨ।


Harnek Seechewal

Content Editor

Related News