ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ 2000 ਡਿਫਾਲਟਰਾਂ ਨੂੰ ਭੇਜੇ ਨੋਟਿਸ, ਜਾਇਦਾਦਾਂ ਹੋਣਗੀਆਂ ਸੀਲ
Saturday, Sep 23, 2017 - 10:40 AM (IST)

ਪਟਿਆਲਾ (ਬਲਜਿੰਦਰ)-ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ ਸਾਲ 2017-18 ਨੂੰ ਛੱਡ ਕੇ ਇਸ ਤੋਂ ਪਿਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੀਆਂ ਪ੍ਰਾਪਰਟੀਆਂ 30 ਸਤੰਬਰ ਤੋਂ ਬਾਅਦ ਸੀਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਲਗਾਤਾਰ ਪ੍ਰਾਪਰਟੀ ਟੈਕਸ ਭਰਨ 'ਤੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੁਣ ਡਿਫਾਲਟਰਾਂ ਖਿਲਾਫ ਸਖਤੀ ਵੀ ਕੀਤੀ ਜਾ ਰਹੀ ਹੈ। ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਦੇ ਪ੍ਰਾਪਰਟੀ ਟੈਕਸ 'ਤੇ ਸਰਕਾਰ ਵੱਲੋਂ 30 ਸਤੰਬਰ ਤੱਕ 10 ਫੀਸਦੀ ਛੋਟ ਵੀ ਦਿੱਤੀ ਗਈ ਹੈ। ਪੁਰਾਣੇ ਡਿਫਾਲਟਰਾਂ ਖਿਲਾਫ ਨਗਰ ਨਿਗਮ ਸਖਤ ਫੈਸਲੇ ਲੈਣ ਜਾ ਰਿਹਾ ਹੈ।
ਇਥੇ ਦੱਸਣਯੋਗ ਹੈ ਕਿ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਡਿਫਾਲਟਰਾਂ ਨੂੰ 2000 ਨੋਟਿਸ ਭੇਜ ਦਿੱਤੇ ਹਨ। ਇਨ੍ਹਾਂ ਵਿਚ ਸਾਫ ਤੌਰ 'ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੇਕਰ ਪ੍ਰਾਪਰਟੀ ਟੈਕਸ ਡਿਫਾਲਟਰ 30 ਸਤੰਬਰ ਤੱਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਜਾਣਗੀਆਂ। ਨਿਗਮ ਵੱਲੋਂ ਬਾਕਾਇਦਾ ਸ਼੍ਰੇਣੀਆਂ ਬਣਾ ਕੇ ਵੱਡੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਤੱਕ ਨੋਟਿਸ ਭੇਜੇ ਗਏ ਹਨ। ਛੋਟੇ ਟੈਕਸ ਨਾ ਭਰਨ ਵਾਲਿਆਂ ਲਈ ਨਿਗਮ ਨੇ ਇਕ ਹੋਰ ਯੋਜਨਾ ਲਾਗੂ ਕਰਦੇ ਹੋਏ ਇਸ ਵਾਰ ਦੇ ਵਾਟਰ ਸਪਲਾਈ ਅਤੇ ਸੀਵਰੇਜ ਬਿੱਲਾਂ ਦੇ ਨਾਲ ਪ੍ਰਾਪਰਟੀ ਟੈਕਸ ਦੀ ਸੂਚਨਾ ਵੀ ਭੇਜੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਕਿੰਨਾ ਪ੍ਰਾਪਰਟੀ ਟੈਕਸ ਹੈ? ਅਤੇ ਕਦੋਂ ਤੋਂ ਬਕਾਇਆ ਹੈ? ਟੈਕਸ ਭਰਨ ਦੀ ਆਖਰੀ ਮਿਤੀ ਕੀ ਹੈ? ਵਾਟਰ ਸਪਲਾਈ ਤੇ ਸੀਵਰੇਜ ਬ੍ਰਾਂਚ ਦੀ ਪਹੁੰਚ ਪ੍ਰਾਪਰਟੀ ਟੈਕਸ ਨਾਲੋਂ ਕਿਤੇ ਜ਼ਿਆਦਾ ਹੈ।
ਇਸ ਬ੍ਰਾਂਚ ਵੱਲੋਂ ਹਰ ਘਰ ਵਿਚ ਬਿੱਲ ਭੇਜੇ ਜਾਂਦੇ ਹਨ। ਇਸ ਵਾਰ ਵਾਟਰ ਸਪਲਾਈ ਤੇ ਸੀਵਰੇਜ ਬਿੱਲਾਂ ਦੇ ਨਾਲ ਹਰ ਘਰ ਨੂੰ ਪ੍ਰਾਪਰਟੀ ਟੈਕਸ ਸਬੰਧੀ ਸੂਚਨਾ ਵੀ ਭੇਜੀ ਗਈ ਹੈ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਉਸ ਵਿਅਕਤੀ ਨੂੰ ਆਪਣੇ ਪ੍ਰਾਪਰਟੀ ਟੈਕਸ ਬਾਰੇ ਤਾਜ਼ਾ ਸਟੇਟਸ ਦਾ ਕੋਈ ਗਿਆਨ ਨਹੀਂ ਹੈ। ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਹੁਣ ਖੁਦ ਲੋਕਾਂ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਸ ਲਈ ਮੁਹੱਲਿਆਂ ਅਤੇ ਵਾਰਡਾਂ ਵਿਚ ਸਪੈਸ਼ਲ ਕੈਂਪ ਲਾਏ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਇਸ ਲਈ ਨਿਗਮ ਅਧਿਕਾਰੀ ਅਤੇ ਮੁਲਾਜ਼ਮ ਖੁਦ ਕੈਂਪਾਂ ਵਿਚ ਜਾ ਕੇ ਪ੍ਰਾਪਰਟੀ ਟੈਕਸ ਕੁਲੈਕਟ ਕਰ ਰਹੇ ਹਨ।