ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਪ੍ਰਸ਼ਾਸਕੀ ਕੰਪਲੈਕਸ ਦੇ 4 ਠੇਕੇਦਾਰਾਂ ਨੂੰ ਨੋਟਿਸ ਜਾਰੀ

Saturday, Jun 27, 2020 - 03:12 PM (IST)

ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਪ੍ਰਸ਼ਾਸਕੀ ਕੰਪਲੈਕਸ ਦੇ 4 ਠੇਕੇਦਾਰਾਂ ਨੂੰ ਨੋਟਿਸ ਜਾਰੀ

ਜਲੰਧਰ (ਚੋਪੜਾ) – ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਪ੍ਰਸ਼ਾਸਕੀ ਕੰਪਲੈਕਸ ਵਿਚ ਵੱਖ-ਵੱਖ ਕੰਮਾਂ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਵਲੋਂ ਭੁਗਤਾਨ ਨਾ ਕਰਨ ਕਰ ਕੇ ਸਖ਼ਤੀ ਵਰਤਦੇ ਹੋਏ ਨੋਟਿਸ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਨਿਰਦੇਸ਼ਾਂ ’ਤੇ 4 ਠੇਕੇਦਾਰਾਂ ਪ੍ਰਸ਼ਾਸਕੀ ਕੰਪਲੈਕਸ ਵਿਚ ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਜੀ.ਐੱਸ. ਕੇ. ਟ੍ਰੈਵਲ, ਪੋਲੋਰਾਈਡ/ਕੈਮਰਾ (ਫੋਟੋਗ੍ਰਾਫੀ) ਦਾ ਠੇਕਾ ਲੈਣ ਵਾਲੇ ਠੇਕੇਦਾਰ ਭਾਰਤ ਭੂਸ਼ਨ, ਕੰਟੀਨ ਠੇਕੇਦਾਰ ਮਨੀਸ਼ ਕੁਮਾਰ, ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇਦਾਰ ਅਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਜੀ. ਐੱਸ. ਕੇ. ਟ੍ਰੈਵਲ ਅਤੇ ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇਦਾਰ ਅੰਮ੍ਰਿਤਪਾਲ ਨੂੰ ਦਿੱਤੇ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਫਰਵਰੀ 2020 ਤੋਂ ਬਾਅਦ ਤੋਂ ਠੇਕੇ ਦੀ ਰਕਮ ਦਫਤਰ ਵਿਚ ਜਮ੍ਹਾ ਨਹੀਂ ਕਰਵਾਈ,ਜਦਕਿ ਕੈਮਰਾ ਠੇਕੇਦਾਰ ਭਾਰਤ ਭੂਸ਼ਨ ਅਤੇ ਡੀ. ਏ. ਸੀ. ਕੰਟੀਨ ਠੇਕੇਦਾਰ ਮਨੀਸ਼ ਕੁਮਾਰ ਨੇ ਮਾਰਚ 2020 ਤੋਂ ਬਾਅਦ ਅੱਜ ਤੱਕ ਦਫਤਰ ਵਿਚ ਠੇਕੇ ਦੀ ਰਕਮ ਜਮ੍ਹਾ ਨਹੀਂ ਕਰਵਾਈ, ਜਿਸ ਕਾਰਣ ਇਨ੍ਹਾਂ ਸਾਰੇ ਠੇਕੇਦਾਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਪ੍ਰਸ਼ਾਸਨ ਨੇ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਸਬੰਧਤ ਠੇਕਿਆਂ ਦੀ ਬਕਾਇਆ ਰਕਮ ਨੋਟਿਸ ਜਾਰੀ ਹੋਣ 3 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣ। ਨੋਟਿਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ 3 ਦਿਨਾਂ ਵਿਚ ਠੇਕੇ ਦੀ ਬਣਦੀ ਰਕਮ ਜਮ੍ਹਾ ਨਾ ਕਰਵਾਈ ਤਾਂ ਉਨ੍ਹਾਂ ਨੂੰ ਅਲਾਟ ਹੋਏ ਠੇਕੇ ਰੱਦ ਕਰਨ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਸਬੰਧੀ ਪੰਜਾਬ ਵਿਚ ਲੱਗੇ 22 ਮਾਰਚ ਤੋਂ ਕਰਫਿਊ/ਲਾਕਡਾਊਨ ਕਾਰਣ ਪਾਰਕਿੰਗ ਠੇਕੇਦਾਰ ਨੇ ਪਾਰਕਿੰਗ ਵਸੂਲੀ ਦਾ ਕੰਮ ਬੰਦ ਕਰ ਦਿੱਤਾ ਸੀ।ਇਸ ਤੋਂ ਇਲਾਵਾ ਕੈਮਰਾ ਠੇਕੇਦਾਰ ਸਮੇਤ ਕੰਟੀਨ ਦਾ ਕੰਮ ਵੀ ਬੰਦ ਹੀ ਰਿਹਾ ਪਰ ਕਰਫਿਊ/ਲਾਕਡਾਊਨ ਦੌਰਾਨ ਪ੍ਰਸ਼ਾਸਕੀ ਕੰਪਲੈਕਸ ਵਿਚ ਪੂਰਾ ਸਮਾਂ ਕਰਫਿਊ ਪਾਸ ਬਣਾਉਣ, ਕੰਮਾਂ ਦੀਆਂ ਮਨਜ਼ੂਰੀਆਂ ਲੈਣ ਸਮੇਤ ਵੱਖ-ਵੱਖ ਕੰਮਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਲੋਕਾਂ ਦੀ ਆਵਾਜਾਈ ਲਗਾਤਾਰ ਜਾਰੀ ਰਹੀ। ਪੰਜਾਬ ਸਰਕਾਰ ਨੇ ਮਈ ਮਹੀਨੇ ਦੇ ਅੰਤ ਅਤੇ 1 ਜੂਨ ਤੋਂ ਪ੍ਰਸ਼ਾਸਕੀ ਕੰਪਲੈਕਸ ਵਿਚ ਰਜਿਸਟਰੀਆਂ, ਲਰਨਿੰਗ ਲਾਈਸੈਂਸ, ਸੇਵਾ ਕੇਂਦਰਾਂ ਦੀਆਂ ਸੇਵਾਵਾਂ, ਸੁਵਿਧਾ ਸੈਂਟਰ ਨਾਲ ਸਬੰਧਤ ਕੰਮਾਂ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਸੀ,ਜਿਸ ਨੂੂੰ ਦੇਖਦੇ ਹੋਏ ਕੰਟੀਨ ਅਤੇ ਫੋਟੋਗ੍ਰਾਫੀ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਆਪਣਾ ਰੁਟੀਨ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਪਾਰਕਿੰਗ ਠੇਕੇਦਾਰ ਨੇ ਕੰਮ ਸ਼ੁਰੂ ਨਹੀਂ ਕੀਤਾ।

ਠੇਕੇਦਾਰ ਨੇ ਪਾਰਕਿੰਗ ਵਸੂਲੀ ਸ਼ੁਰੂ ਨਾ ਕਰ ਕੇ ਅਧਿਕਾਰੀਆਂ ’ਤੇ ਦਬਾਅ ਬਣਾਉਣ ਦੀ ਕੀਤੀ ਅਸਫਲ ਕੋਸ਼ਿਸ਼

ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਜੀ. ਐੱਸ. ਕੇ. ਟ੍ਰੈਵਲ ਕੰਪਨੀ ਨੇ ਆਪਣੀ ਮਰਜ਼ੀ ਨਾਲ ਕਰਫਿਊ ਦੌਰਾਨ ਪ੍ਰਸ਼ਾਸਕੀ ਕੰਪਲੈਕਸ ਵਿਚ ਆਉਣ ਵਾਲੇ ਲੋਕਾਂ ਤੋਂ ਪਾਰਕਿੰਗ ਫੀਸ ਦੀ ਵਸੂਲੀ ਬੰਦ ਕਰ ਦਿੱਤੀ ਸੀ ਜਦਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਾਰਕਿੰਗ ਫੀਸ ਦੀ ਵਸੂਲੀ ਨੂੰ ਬੰਦ ਕਰਨ ਸਬੰਧੀ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਸਨ। ਹੁਣ ਜਦੋਂ 1 ਜੂਨ ਤੋਂ ਪੰਜਾਬ ਵਿਚ ਕਰਫਿਊ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਅਤੇ ਪ੍ਰਸ਼ਾਸਕੀ ਕੰਪਲੈਕਸ ਨਾਲ ਸਬੰਧਤ ਸਾਰੇ ਵਿਭਾਗਾਂ ਦਾ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ, ਫਿਰ ਵੀ ਪਾਰਕਿੰਗ ਠੇਕੇਦਾਰ ਨੇ ਪਾਰਕਿੰਗ ਵਸੂਲੀ ਨੂੰ ਸ਼ੁਰੂ ਨਹੀਂ ਕੀਤਾ। ਸੂਤਰਾਂ ਦੀ ਮੰਨੀਏ ਤਾਂ ਪਾਰਕਿੰਗ ਠੇਕਾ ਲੈਣ ਵਾਲੀ ਕੰਪਨੀ ਨੇ 26 ਜੂਨ ਤੱਕ ਕੰਮ ਨਾ ਸ਼ੁਰੂ ਕਰ ਕੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਦਬਾਅ ਬਣਾਉਣਾ ਚਾਹਿਆ ਕਿ ਉਨ੍ਹਾਂ ਨੂੰ ਕਰਫਿਊ ਦੇ 2 ਮਹੀਨਿਆਂ ਵਿਚ ਬਣਦੀ ਪਾਰਕਿੰਗ ਠੇਕੇ ਦੀ ਰਕਮ ਤੋਂ ਛੋਟ ਦਿੱਤੀ ਜਾਵੇ। ਸੂਤਰਾਂ ਅਨੁਸਾਰ ਕੰਪਨੀ ਨੇ ਪ੍ਰਸ਼ਾਸਨ ’ਤੇ ਦਬਾਅ ਬਣਾਉਂਦੇ ਹੋਏ ਕਿਹਾ ਕਿ ਉਹ ਠੇਕੇ ਵਿਚ ਹੋਣ ਵਾਲੇ ਘਾਟੇ ਨੂੰ ਉਠਾ ਨਹੀਂ ਸਕਦੀ। ਜੇਕਰ 2-3 ਮਹੀਨਿਆਂ ਦੀ ਬਣਦੀ ਰਕਮ ਨੂੰ ਮੁਆਫ ਨਾ ਕੀਤਾ ਗਿਆ ਤਾਂ ਉਹ ਕੰਮ ਨਹੀਂ ਕਰਨਗੇ। ਜਦੋਂ ਅਗਲੇ 25 ਦਿਨਾਂ ਤੱਕ ਵੀ ਪਾਰਕਿੰਗ ਠੇਕੇਦਾਰ ਨੇ ਕੰਮ ਸ਼ੁਰੂ ਨਹੀਂ ਕੀਤਾ ਤਾਂ ਚਾਰਾਂ ਠੇਕੇਦਾਰਾਂ ਤੋਂ ਬਕਾਇਆ ਵਸੂਲੀ ਸਬੰਧੀ ਫਾਈਲ ਨੂੰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਸਾਹਮਣੇ ਰੱਖਿਆ ਗਿਆ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਕਿ ਇਨ੍ਹਾਂ ਚਾਰਾਂ ਠੇਕੇਦਾਰਾਂ ਨੂੰ ਤੁਰੰਤ ਨੋਟਿਸ ਜਾਰੀ ਕਰ ਕੇ ਬਕਾਇਆ ਜਮ੍ਹਾ ਕਰਵਾਉਣ ਲਈ ਕਿਹਾ ਜਾਵੇ।

ਕਿਸ ਠੇਕੇਦਾਰ ’ਤੇ ਕਿੰਨਾ ਖੜ੍ਹਾ ਹੈ ਬਕਾਇਆ

-ਪਾਰਕਿੰਗ ਠੇਕੇਦਾਰ ਨੂੰ ਪ੍ਰਸ਼ਾਸਨ ਨੇ 14 ਮਹੀਨਿਆਂ ਦਾ ਠੇਕਾ 3468000 ਰੁਪਏ ਵਿਚ ਅਲਾਟ ਕੀਤਾ ਸੀ,ਜਿਸ ਵਿਚੋਂ ਠੇਕੇਦਾਰ ਨੇ 5 ਫਰਵਰੀ 2020 ਤੱਕ ਸਿਰਫ 233000 ਰੁਪਏ ਹੀ ਜਮ੍ਹਾ ਕਰਵਾਏ ਸਨ ਜਦਕਿ ਠੇਕੇਦਾਰ ’ਤੇ ਹੁਣ ਤੱਕ 3235000 ਰੁਪਏ ਰਕਮ ਬਕਾਇਆ ਬਣਦੀ ਹੈ। ਠੇਕੇਦਾਰ ਨੇ ਇਸੇ ਠੇਕੇ ਦੀ ਕੁਲ ਰਕਮ ਦੇ ਹਿਸਾਬ ਨਾਲ 5 ਮਹੀਨਿਆਂ ਦਾ ਬਕਾਇਆ ਜਮ੍ਹਾ ਕਰਵਾਉਣਾ ਹੈ।

-ਪੋਲੋਰਾਈਡ/ਕੈਮਰਾ (ਫੋਟੋਗ੍ਰਾਫੀ) ਦਾ 2020-2022 ਵਿੱਤੀ ਸਾਲ ਦਾ ਠੇਕਾ 1507000 ਵਿਚ ਅਲਾਟ ਕੀਤਾ ਗਿਆ ਸੀ,ਜਦਕਿ ਠੇਕੇਦਾਰ ਨੇ 6 ਮਾਰਚ ਤੱਕ ਦਫਤਰ ਵਿਚ 8035000 ਰੁਪਏ ਜਮ੍ਹਾ ਕਰਵਾਏ ਸਨ ਜਦਕਿ ਉਸਦੇ ਠੇਕੇ ਦੇ 703500 ਰੁਪਏ ਬਕਾਇਆ ਖੜ੍ਹੇ ਹਨ। ਠੇਕੇਦਾਰ ਨੇ ਇਸੇ ਬਕਾਇਆ ਦੇ ਹਿਸਾਬ ਨਾਲ 4 ਮਹੀਨਿਆਂ ਦਾ ਬਣਦਾ ਬਕਾਇਆ ਜਮ੍ਹਾ ਕਰਵਾਉਣਾ ਹੈ।

-ਜ਼ਿਲ੍ਹਾ ਪ੍ਰਸ਼ਾਸਨ ਨੇ ਮੌਜੂਦਾ ਵਿੱਤੀ ਸਾਲ ’ਚ ਕੰਟੀਨ ਦਾ ਠੇਕਾ 1302000 ਵਿਚ ਦਿੱਤਾ ਸੀ। ਕੰਟੀਨ ਠੇਕੇਦਾਰ ਨੇ ਪ੍ਰਸ਼ਾਸਨ ਨੂੰ ਮਾਰਚ 2020 ਵਿਚ 701000 ਰੁਪਏ ਜਮ੍ਹਾ ਕਰਵਾਏ ਹਨ,ਜਦਕਿ ਠੇਕੇ ਦੀ ਬਕਾਇਆ ਰਕਮ 601000 ਰੁਪਏ ਅਜੇ ਦੇਣੀ ਬਾਕੀ ਹੈ। ਹੁਣ ਠੇਕੇਦਾਰ ਨੂੰ 4 ਮਹੀਨਿਆਂ ਦਾ ਬਣਦਾ ਬਕਾਇਆ ਜਮ੍ਹਾ ਕਰਵਾਉਣਾ ਹੋਵੇਗਾ।

-ਪ੍ਰਸ਼ਾਸਕੀ ਕੰਪਲੈਕਸ ਦੀ ਕੰਟੀਨ ਦਾ ਠੇਕਾ 186000 ਰੁਪਏ ਵਿਚ ਦਿੱਤਾ ਗਿਆ ਸੀ। ਠੇਕੇਦਾਰ ਨੇ ਪ੍ਰਸ਼ਾਸਨ ਨੂੰ 85250 ਰੁਪਏ ਫਰਵਰੀ ਮਹੀਨੇ ਵਿਚ ਜਮ੍ਹਾ ਕਰਵਾਏ ਸਨ,ਜਿਸ ਉਪਰੰਤ ਠੇਕੇਦਾਰ ’ਤੇ 100750 ਰੁਪਏ ਬਕਾਇਆ ਹਨ। ਨੋਟਿਸ ਜਾਰੀ ਹੋਣ ਤੋਂ ਬਾਅਦ ਹੁਣ ਠੇਕੇਦਾਰ ਨੂੰ ਘੱਟ ਤੋਂ ਘੱਟ 4-5 ਮਹੀਨਿਆਂ ਦਾ ਬਣਦਾ ਬਕਾਇਆ ਜਮ੍ਹਾ ਕਰਵਾਉਣਾ ਹੋਵੇਗਾ।


author

Harinder Kaur

Content Editor

Related News