ਦਸਮ ਪਿਤਾ ਦੇ ਵਾਰਿਸ ਕੇਂਦਰ ਸਰਕਾਰ ਵੱਲੋਂ ਲਗਾਈਆਂ ਸੂਲਾਂ ਤੋਂ ਡਰਨ ਵਾਲੇ ਨਹੀਂ : ਮਾਨ
Wednesday, Feb 10, 2021 - 08:12 PM (IST)
ਚੰਡੀਗੜ੍ਹ, (ਟੱਕਰ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਵਲੋਂ ਲੋਕ ਸਭਾ ’ਚ ਕਿਸਾਨੀ ਮੁੱਦਿਆਂ ’ਤੇ ਉਠਾਈ ਅਵਾਜ਼ ਦੌਰਾਨ ਮਾਛੀਵਾਡ਼ਾ ਦਾ ਇਤਿਹਾਸ ਵੀ ਗੂੰਜਣ ਲਾ ਦਿੱਤਾ ਅਤੇ ਕਿਹਾ ਕਿ ਕੰਡਿਆਂ ਦੀ ਸੇਜ ’ਤੇ ਸੌਣ ਵਾਲੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਵਾਰਿਸ ਹਾਂ ਅਤੇ ਕੇਂਦਰ ਸਰਕਾਰ ਵਲੋਂ ਅੰਦੋਲਨ ਕਰ ਰਹੇ ਕਿਸਾਨਾਂ ਲਈ ਜੋ ਸਡ਼ਕਾਂ ’ਤੇ ਸੂਲਾਂ ਲਗਾਈਆਂ ਹਨ ਉਨ੍ਹਾਂ ਤੋਂ ਅਸੀਂ ਡਰਨ ਵਾਲੇ ਨਹੀਂ। ਐੱਮ.ਪੀ. ਭਗਵੰਤ ਮਾਨ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾਡ਼ਾ ਦੇ ਜੰਗਲਾਂ ’ਚ ਆਪਣਾ ਸਾਰਾ ਸਰਬੰਸ ਵਾਰ ਕੇ ਕੰਡਿਆਂ ਦੀ ਸੇਜ ’ਤੇ ਸੁੱਤੇ ਅਤੇ ਅਜਿਹੀ ਲਾਮਿਸਾਨ ਕੁਰਬਾਨੀ ਦੇਣ ਵਾਲੇ ਪਿਤਾ ਦੇ ਅਸੀਂ ਵਾਰਿਸ ਹਾਂ ਜੋ ਕਿ ਸਰਕਾਰਾਂ ਵਲੋਂ ਲਗਾਈਆਂ ਕੰਡਿਆਲੀਆਂ ਤਾਰਾਂ ਤੇ ਤਿੱਖੀਆਂ ਕਿੱਲਾਂ ਤੋਂ ਡਰਨ ਵਾਲੇ ਨਹੀਂ। ਐੱਮ.ਪੀ. ਭਗਵੰਤ ਮਾਨ ਨੇ ਪ੍ਰਸਿੱਧ ਲੇਖਕ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਪੇਸ਼ ਕਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਕਡ਼ਾਕੇ ਦੀ ਠੰਢ ਤੇ ਸੰਘਰਸ਼ਾਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਸਰਕਾਰ ਰਕਤਜੀਵ ਬਣ ਚੁੱਕੀ ਹੈ ਜੋ ਕਿ ਕਿਸਾਨਾਂ ਦਾ ਖੂਨ ਚੂਸਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਲੋਕ ਸਭਾ ’ਚ ਭੇਜਿਆ ਹੈ ਜਿੱਥੇ ਉਹ ਆਪਣੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਅਤੇ ਉਨ੍ਹਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ਼ ਅਵਾਜ਼ ਉਠਾਉਂਦੇ ਰਹਿਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਰੁਪਿੰਦਰ ਸਿੰਘ ਮੁੰਡੀ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਪੰਜਾਬ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ਼ ਉਨ੍ਹਾਂ ਦੀ ਪਾਰਟੀ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਕਿਸਾਨਾਂ ਦੀ ਅਵਾਜ਼ ਬੁਲੰਦ ਕਰ ਰਹੀ ਹੈ ਅਤੇ ਇਸ ਸੰਘਰਸ਼ ’ਚ ਦੇਸ਼ ਦਾ ਕਿਸਾਨ ਜ਼ਰੂਰ ਜਿੱਤੇਗਾ।