ਸਮੁੱਚਾ ਸਟੀਲ ਉਦਯੋਗ ਨਹੀਂ, ਕੁਝ ਕੰਮਾਂ ’ਤੇ ਲੱਗੇਗੀ ਰੋਕ : ਸੁੰਦਰ ਸ਼ਾਮ ਅਰੋੜਾ
Sunday, Apr 25, 2021 - 02:02 AM (IST)
ਚੰਡੀਗੜ੍ਹ, (ਰਮਨਜੀਤ)- ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਪੱਸ਼ਟ ਕੀਤਾ ਹੈ ਕਿ ਸਟੀਲ ਉਦਯੋਗ ਵਿਚ ਕੁਝ ਅਜਿਹੀਆਂ ਪ੍ਰਕਿਰਿਆਵਾਂ ਹਨ ਜਿੱਥੇ ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਸਿਰਫ਼ ਉਨ੍ਹਾਂ ਨੂੰ ਰੋਕਣ ਦੇ ਹੁਕਮ ਦਿੱਤੇ ਗਏ ਹਨ ਅਤੇ ਪੰਜਾਬ ਰਾਜ ਵਿਚ ਸਟੀਲ ਉਦਯੋਗ ਦੇ ਕੰਮਕਾਜ ਨੂੰ ਬੰਦ ਕਰਨ ਦਾ ਕੋਈ ਨਿਰਦੇਸ਼ ਨਹੀਂ ਹੈ।
ਐਮਰਜੰਸੀ ਸਿਹਤ ਸਥਿਤੀ ਦੇ ਮੱਦੇਨਜ਼ਰ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੈ. ਅਮਰਿੰਦਰ ਸਿੰਘ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਅਰੋੜਾ ਨੇ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਲਈ ਮੈਡੀਕਲ ਗ੍ਰੇਡ ਆਕਸੀਜਨ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਹ ਸੰਕਟਕਾਲੀ ਕਦਮ ਚੁੱਕੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਮੁਤਾਬਿਕ ਸੂਬਾ ਪੱਧਰ ’ਤੇ ਇਕ ਕੋਵਿਡ-ਆਕਸੀਜਨ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਮੈਡੀਕਲ ਆਕਸੀਜਨ ਲਿਆਉਣ-ਲਿਜਾਣ ਵਾਲੇ ਵਾਹਨਾਂ ਦੀ ਆਵਾਜਾਈ ਲਈ ਗ੍ਰੀਨ ਕੋਰੀਡੋਰ ਦੀ ਸਹੂਲਤ ਦਿੱਤੀ ਜਾ ਰਹੀ ਹੈ।