ਲੱਖਾਂ ''ਚ ਨਹੀਂ, ਕਰੋੜਾਂ ''ਚ ਹੋਇਆ ਤਨਖਾਹ ਘਪਲਾ
Tuesday, Jul 11, 2017 - 04:27 AM (IST)
ਅੰਮ੍ਰਿਤਸਰ, (ਦਲਜੀਤ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੇ ਕਲਰਕ ਵੱਲੋਂ ਤਨਖਾਹਾਂ 'ਚ ਕੀਤਾ ਗਿਆ ਘਪਲਾ 70 ਲੱਖ ਤੋਂ ਵੱਧ ਕੇ 2 ਕਰੋੜ ਤੋਂ ਟੱਪ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਿਥੇ ਕਲਰਕ ਦੇ ਬੈਂਕ ਖਾਤਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਉਥੇ ਹੀ ਅਧਿਕਾਰੀਆਂ ਨੇ ਪਿਛਲੇ ਪੰਜ ਸਾਲ ਦਾ ਤਨਖਾਹਾਂ ਨਾਲ ਸੰਬੰਧਿਤ ਰਿਕਾਰਡ ਕਬਜ਼ੇ 'ਚ ਕਰ ਲਿਆ ਹੈ। ਕਲਰਕ ਵਲੋਂ ਸਰਕਾਰ ਨੂੰ ਚੂਨਾ ਲਗਾਉਂਦਿਆਂ ਦੋ ਤਨਖਾਹਾਂ ਆਪਣੀ ਮਾਂ ਅਤੇ ਪਤਨੀ ਦੇ ਖਾਤੇ 'ਚ ਪਾਈਆਂ ਜਾ ਰਹੀਆਂ ਸਨ।
ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਬੰਡਾਲਾ ਵਿਖੇ ਤਾਇਨਾਤ ਕਲਰਕ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਿਹਾ ਸੀ। ਸਕੂਲ ਵਿਚ ਤਾਇਨਾਤ 17 ਮੁਲਾਜ਼ਮਾਂ ਦੀ ਥਾਂ 'ਤੇ 21 ਮੁਲਾਜ਼ਮਾਂ ਦੀ ਤਨਖਾਹ ਕਢਵਾ ਰਿਹਾ ਸੀ। ਜ਼ਿਲਾ ਸਿੱਖਿਆ ਅਧਿਕਾਰੀ ਕਨਵਲਜੀਤ ਸਿੰਘ ਅਤੇ ਸਕੂਲ ਦੇ ਮੌਜੂਦਾ ਪ੍ਰਿੰਸੀਪਲ ਗਿਰੀਸ਼ ਦੀ ਸੂਝਬੂਝ ਨਾਲ ਇਹ ਘਪਲਾ ਜਗਜ਼ਾਹਰ ਹੋਇਆ ਹੈ। ਪਿਛਲੇ ਲੰਬੇ ਸਮੇਂ ਤੋਂ ਜਿਸ ਘਪਲੇ ਨੂੰ ਕੋਈ ਅਧਿਕਾਰੀ ਬੇਨਕਾਬ ਨਹੀਂ ਕਰ ਸਕਿਆ ਉਕਤ ਘਪਲੇ ਨੂੰ ਉਪਰੋਕਤ ਦੋਹਾਂ ਅਧਿਕਾਰੀਆਂ ਨੇ ਪਾਰਦਰਸ਼ਿਤਾ ਅਤੇ ਮਿਹਨਤ ਨਾਲ ਕੰਮ ਕਰਦਿਆਂ ਜਗਜ਼ਾਹਰ ਕੀਤਾ ਹੈ। ਡੀ.ਈ.ਓ. ਕਨਵਲਜੀਤ ਸਿੰਘ ਨੇ ਦੱਸਿਆ ਕਿ ਹੁਣ ਤਕ ਹੋਈ ਜਾਂਚ ਵਿਚ ਘਪਲਾ ਦੋ ਕਰੋੜ ਤੋਂ ਵੱਧ ਜਾਣ ਦੇ ਆਸਾਰ ਹਨ। ਕਲਰਕ ਦੇ ਬੈਂਕ ਖਾਤਿਆਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਅਤੇ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਪਲਾ ਸਾਹਮਣੇ ਆਉਣ 'ਤੇ ਕਲਰਕ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਸਰਕਾਰ ਨੂੰ ਚੂਨਾ ਲਗਾਉਣ ਵਾਲੇ ਕਰਮਚਾਰੀਆਂ ਨੂੰ ਵੀ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਕਲਰਕ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਵੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਅਤੇ ਸਕੂਲ ਦਾ ਸਪੈਸ਼ਲ ਆਡਿਟ ਵੀ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਾਂਚ ਦੌਰਾਨ ਹੋਰ ਵੀ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ।
