ਕਣਕ ਦੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀ 'ਚ ਨਹੀਂ ਪਹੁੰਚੀ ਇਕ ਵੀ ਟਰਾਲੀ

04/05/2018 7:07:10 AM

ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 1 ਅਪ੍ਰੈਲ ਤੋਂ ਸਾਰੇ ਜ਼ਿਲਿਆਂ 'ਚ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਵੀ ਜ਼ਿਲਾ ਕਪੂਰਥਲਾ ਦੀਆਂ ਮੰਡੀਆਂ 'ਚ ਅੱਜ ਚੌਥੇ ਦਿਨ ਵੀ ਕਣਕ ਦੀ ਆਮਦ ਅਜੇ ਸ਼ੁਰੂ ਨਹੀਂ ਹੋਈ। ਜਿਸ ਕਾਰਨ ਅਨਾਜ ਮੰਡੀਆਂ 'ਚ ਸੁੰਨਸਾਨ ਛਾਈ ਪਈ ਹੈ। ਹਾਲਾਕਿ ਮਾਰਕੀਟ ਕਮੇਟੀ ਕਪੂਰਥਲਾ ਵੱਲੋਂ ਮੰਡੀਆਂ 'ਚ ਬਿਜਲੀ, ਪਾਣੀ, ਬਾਥਰੂਮ ਆਦਿ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਤੇ ਕਪੂਰਥਲਾ ਪ੍ਰਸ਼ਾਸਨ ਵੱਲੋਂ ਵੀ ਸਾਰੀਆਂ ਖਰੀਦ ਏਜੰਸੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਪਰ ਮੰਡੀਆਂ 'ਚ ਕਣਕ ਦੀ ਇਕ ਵੀ ਟਰਾਲੀ ਨਹੀਂ ਪਹੁੰਚੀ। 
ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦੇ ਪ੍ਰਬੰਧ ਕੀਤੇ ਗਏ ਹਨ ਪਰ ਅਜੇ ਤਕ ਕਣਕ ਦੀ ਫਸਲ ਹਰੀ ਹੋਣ ਦੇ ਕਾਰਨ ਇਸ ਨੂੰ ਮੰਡੀਆਂ 'ਚ ਆਉਣ ਲਈ 8 ਤੋਂ 10 ਦਿਨ ਹੋਰ ਲੱਗ ਜਾਣਗੇ ਕਿਉਂਕਿ ਕਣਕ ਦੀ ਫਸਲ ਅਜੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਈ ਹੈ ਤੇ ਹਰੀ ਫਸਲ 'ਚ ਜ਼ਿਆਦਾ ਨਮੀ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ 'ਚ ਰਾਤਾਂ ਕੱਟਣੀਆਂ ਪੈਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਖੱਜਲ ਖੁਆਰੀ ਜ਼ਿਆਦਾ ਹੁੰਦੀ ਹੈ।
ਸੂਤਰਾਂ ਅਨੁਸਾਰ ਪਿਛਲੇ ਦਿਨੀਂ ਚੱਲੀ ਹਨੇਰੀ ਤੇ ਹੋਈ ਤੇਜ਼ ਬਾਰਸ਼ ਦੇ ਕਾਰਨ ਫਸਲਾਂ ਡਿੱਗ ਗਈਆਂ ਸਨ, ਜਿਸ ਕਾਰਨ ਅਜੇ ਤਕ ਕਣਕ ਮੰਡੀਆਂ 'ਚ ਨਹੀਂ ਆਈ ਹੈ। ਉਮੀਦ ਹੈ ਕਿ ਕੁਝ ਦਿਨ ਹੋਰ ਲੱਗੀਆਂ ਤੇਜ਼ ਧੁੱਪਾਂ ਤੋਂ ਬਾਅਦ ਜਲਦ ਹੀ ਕਣਕ ਮੰਡੀਆਂ 'ਚ ਆਉਣੀ ਸ਼ੁਰੂ ਹੋ ਜਾਵੇਗੀ। 

ਪ੍ਰਬੰਧ ਮੁਕੰਮਲ ਪਰ ਮੰਡੀ ਦੀ ਹਾਲਤ 'ਚ ਕਮੀਆਂPunjabKesariਭਾਵੇਂ ਮਾਰਕੀਟ ਕਮੇਟੀ ਕਪੂਰਥਲਾ ਵਲੋਂ ਕਿਸਾਨਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਪ੍ਰਬੰਧ ਕੀਤੇ ਗਏ ਹਨ ਪਰ ਅਜੇ ਵੀ ਕੁਝ ਕਮੀਆਂ ਮੰਡੀਆਂ 'ਚ ਦਿਖਾਈ ਦਿੰਦੀਆਂ ਹਨ। ਜ਼ਿਕਰਯੋਗ ਹੈ ਕਪੂਰਥਲਾ 'ਚ ਜਿਹੜੀ ਪੁਰਾਣੀ ਅਨਾਜ ਮੰਡੀ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਸਥਿਤ ਹੈ, ਉਹ ਲਗਭਗ 25 ਏਕੜ 'ਚ ਬਣੀ ਹੋਈ ਹੈ ਜੋ ਖੁੱਲ੍ਹੀ ਤੇ ਹਵਾਦਾਰ ਹੈ ਪਰ ਉਸਦੀ ਪੂਰੀ ਤਰ੍ਹਾਂ ਚਾਰਦੀਵਾਰੀ ਨਾ ਹੋਣ ਕਾਰਨ ਜਿਥੇ ਕਿਸਾਨਾਂ ਨੂੰ ਆਵਾਰਾ ਪਸ਼ੂ ਤਾਂ ਪ੍ਰੇਸ਼ਾਨ ਕਰਦੇ ਹੀ ਹਨ, ਉਸਦੇ ਨਾਲ-ਨਾਲ ਚੋਰ ਵੀ ਕਣਕ ਦੀਆਂ ਬੋਰੀਆਂ 'ਤੇ ਆਪਣਾ ਹੱਥ ਸਾਫ ਕਰ ਜਾਂਦੇ ਹਨ। ਇਸ ਤੋਂ ਇਲਾਵਾ ਮੰਡੀਆਂ 'ਚ ਬਣੀਆਂ ਸੜਕਾਂ ਦੀ ਹਾਲਤ ਵੀ ਤਰਸਯੋਗ ਬਣੀ ਹੈ, ਜਿਸਨੂੰ ਬਣਿਆਂ ਵੀ ਕਾਫੀ ਸਮਾਂ ਬੀਤ ਚੁੱਕਾ ਹੈ। 
ਵੱਖ-ਵੱਖ ਮੰਡੀਆਂ ਲਈ ਸਰਕਾਰੀ ਖ਼ਰੀਦ ਏਜੰਸੀਆਂ ਦੀ ਸੂਚੀ ਜਾਰੀ
ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਾੜ੍ਹੀ ਸੀਜ਼ਨ-2018 ਦੌਰਾਨ ਮਾਰਕੀਟ ਕਮੇਟੀ ਕਪੂਰਥਲਾ ਅਧੀਨ ਆਉਂਦੀਆਂ ਸਮੂਹ ਮੰਡੀਆਂ 'ਚ ਕਣਕ ਦੀ ਖ਼ਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਮੰਡੀਆਂ ਅੰਦਰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। 
ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਐੱਸ. ਡੀ. ਐੱਮ ਕਪੂਰਥਲਾ-ਕਮ-ਪ੍ਰਬੰਧਕ ਮਾਰਕੀਟ ਕਮੇਟੀ ਕਪੂਰਥਲਾ ਡਾ. ਨਯਨ ਭੁੱਲਰ ਨੇ ਦੱਸਿਆ ਕਿ ਮੰਡੀਆਂ 'ਚੋਂ ਕਣਕ ਦੀ ਖ਼ਰੀਦ ਲਈ ਨਿਯੁਕਤ ਕੀਤੀਆਂ ਸਰਕਾਰੀ ਏਜੰਸੀਆਂ ਦੀ ਸੂਚੀ ਪ੍ਰਾਪਤ ਹੋ ਗਈ ਹੈ, ਜਿਸ ਅਨੁਸਾਰ ਮੁੱਖ ਦਾਣਾ ਮੰਡੀ ਕਪੂਰਥਲਾ 'ਚ ਪਨਗ੍ਰੇਨ, ਮਾਰਕਫੈੱਡ, ਪਨਸਪ ਤੇ ਵੇਅਰਹਾਊਸ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਨਗੀਆਂ। ਇਸੇ ਤਰ੍ਹਾਂ ਮੰਡੀ ਫੱਤੂਢੀਂਗਾ 'ਚ ਪਨਸਪ ਤੇ ਐੱਫ. ਸੀ. ਆਈ., ਮੰਡੀ ਉੱਚਾ ਬੇਟ 'ਚ ਪਨਗ੍ਰੇਨ ਤੇ ਪਨਸਪ, ਮੰਡੀ ਸੁਰਖਪੁਰ 'ਚ ਪਨਗ੍ਰੇਨ, ਮੰਡੀ ਕਾਲਾ ਸੰਘਿਆਂ 'ਚ ਪਨਸਪ, ਮੰਡੀ ਬਲੇਰ ਖਾਨਪੁਰ 'ਚ ਮਾਰਕਫੈੱਡ, ਮੰਡੀ ਸਿਧਵਾਂ 'ਚ ਵੇਅਰਹਾਊਸ, ਮੰਡੀ ਖੈੜਾ ਦੋਨਾ ਵਿਚ ਪਨਗ੍ਰੇਨ, ਮੰਡੀ ਖਾਲੂ 'ਚ ਮਾਰਕਫੈੱਡ, ਮੰਡੀ ਵਡਾਲਾ ਕਲਾਂ 'ਚ ਪਨਸਪ ਤੇ ਮੰਡੀ ਭਾਣੋਂ ਲੰਗਾ 'ਚ ਵੇਅਰਹਾਊਸ ਖ਼ਰੀਦ ਏਜੰਸੀ ਕਣਕ ਦੀ ਖ਼ਰੀਦ ਕਰੇਗੀ। 
ਜ਼ਿਲੇ ਦੀਆਂ ਸਾਰੀਆਂ ਅਨਾਜ ਮੰਡੀਆਂ 'ਚ ਪ੍ਰਬੰਧ ਮੁਕੰਮਲ ਲਏ ਗਏ ਹਨ ਤੇ ਕਿਸਾਨਾਂ ਨੂੰ ਫਸਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਮੰਡੀ 'ਚ ਆਪਣੀ ਜਿਨਸ ਸੁਕਾ ਕੇ ਲਿਆਉਣ ਤਾਂ ਜੋ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। 
 -ਮੁਹੰਮਦ ਤਇਅਬ, ਡੀ. ਸੀ.। 
ਦਾਣਾ ਮੰਡੀ 'ਚ ਸਫਾਈ, ਪਾਣੀ, ਬਿਜਲੀ ਤੇ ਬਾਰਦਾਨੇ ਦਾ ਪ੍ਰਬੰਧ ਪੂਰਾ ਕਰ ਲਿਆ ਹੈ ਪਰ ਮੰਡੀ 'ਚ 10-11 ਅਪ੍ਰੈਲ ਤੋਂ ਬਾਅਦ ਹੀ ਕਿਸਾਨਾਂ ਵਲੋਂ ਕਣਕ ਲੈ ਕੇ ਆਉਣ ਦਾ ਅੰਦਾਜ਼ਾ ਹੈ। ਕਿਸਾਨਾਂ ਨੂੰ ਮੰਡੀ 'ਚ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। 
-ਅਰਵਿੰਦਰ ਸਿੰਘ ਸਾਹੀ, ਸੈਕਟਰੀ  ਮਾਰਕੀਟ ਕਮੇਟੀ।


Related News