ਸੌਖੀ ਨਹੀਂ ਹੈ ‘84 ਦੇ ਦੋਸ਼ੀਆਂ ਨੂੰ ਫਾਂਸੀ

Wednesday, Nov 21, 2018 - 11:16 AM (IST)

ਸੌਖੀ ਨਹੀਂ ਹੈ ‘84 ਦੇ ਦੋਸ਼ੀਆਂ ਨੂੰ ਫਾਂਸੀ

ਜਲੰਧਰ (ਜਸਬੀਰ ਵਾਟਾਂ ਵਾਲੀ) 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ’ਚ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਕ ਵੱਡਾ ਫ਼ੈਸਲਾ ਸੁਣਾਇਆ। ਕੋਰਟ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਸਜ਼ਾ ਸੁਣਾਈ। ਇਸ ਮਾਮਲੇ ’ਚ ਦੋਸ਼ੀ ਯਸ਼ਪਾਲ ਨੂੰ ਸਜ਼ਾ-ਏ-ਮੌਤ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹ  ਦੋਵੇਂ ਦੋਸ਼ੀ ਦੱਖਣੀ ਦਿੱਲੀ ਦੇ ਪਿੰਡ ਮਹਿਪਾਲਪੁਰ ’ਚ ਦੋ ਸਿੱਖਾਂ ਦੇ ਕਤਲ ਦੇ ਦੋਸ਼ੀ ਸਨ। ਲੋਅਰ ਕੋਰਟ ਨੇ ਇਹ ਫੈਸਲਾ 34 ਸਾਲ ਦੇ ਲੰਬੇ ਵਕਫੇ ਬਾਅਦ ਸੁਣਾਇਆ। 

ਕੀ ਹੋਵੇਗੀ ਕੋਰਟ ਦੀ ਅਗਲੀ ਪ੍ਰਕਿਰਿਆ ?
ਸਾਡੇ ਦੇਸ਼ ਦੇ ਕਨੂੰਨ ਦੀ ਗੱਲ ਕਰੀਏ ਤਾਂ ਇਸਦੀ ਨਿਆ ਪ੍ਰਣਾਲੀ ਇੰਨੀ ਢਿੱਲੀ, ਥੋਥੀ ਅਤੇ ਗੁੰਝਲਦਾਰ ਹੈ ਕਿ ਇੱਥੇ ਨਿਆ ਮੰਗਣ ਵਾਲਿਆਂ ਨਿਆ ਮੰਗਦੇ-ਮੰਗਦੇ ਤੁਰ ਜਾਂਦੇ ਹਨ ਪਰ ਨਿਆ ਨਹੀਂ ਮਿਲਦਾ। ਜੇਕਰ ਇਸ ਮਾਮਲੇ ’ਚ ਕੋਰਟ ਦੀ ਅਗਲੇਰੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਅਜੇ ਇਹ ਫੈਸਲਾ ਪਟਿਆਲਾ ਹਾਊਸ ਦੀ ਲੋਅਰ ਕੋਰਟ ਵੱਲੋਂ ਹੀ ਦਿੱਤਾ ਗਿਆ ਹੈ। ਇਹ ਤੈਅ ਹੈ ਕਿ ਦੋਸ਼ੀਆਂ ਵੱਲੋਂ ਇਸ ਮਾਮਲੇ ਦੀ ਅਗਲੀ ਪਟੀਸ਼ਨ ਹਾਈ ਕੋਰਟ ’ਚ ਵੀ ਪਾਈ ਜਾਵੇਗੀ। ਹਾਈਕੋਰਟ ’ਚ ਇਹ ਮਾਮਲਾ ਕਿੰਨਾ ਚਿਰ ਲਟਕੇਗਾ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਜੇਕਰ ਇੱਥੋਂ ਵੀ ਦੋਸ਼ੀ ਨੂੰ ਫਾਂਸੀ ਦੀ ਸਜਾ ਸੁਣਾਈ ਜਾਂਦੀ ਹੈ ਤਾਂ ਇਹ ਮਾਮਲਾ ਸੁਣਵਾਈ ਲਈ ਸੁਪਰੀਮ ਕੋਰਟ ਵਿਚ ਜਾਵੇਗਾ। ਦੇਰ-ਸਵੇਰ ਸੁਪਰੀਮ ਕੋਰਟ ਵੱਲੋਂ ਵੀ ਜੇਕਰ ਦੋਸ਼ੀ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ ਜਾਂਦੀ ਹੈ ਤਾਂ ਇਸ ਬਾਅਦ ਵੀ ਦੋਸ਼ੀ ਨੂੰ ਡਬਲ ਬੈਂਚ ਕੋਲ ਰੀਵਿਊ ਪਟੀਸ਼ਨ ਪਾਉਣ ਦਾ ਹੱਕ ਹੈ। ਜੇਕਰ ਸੁਪਰੀਮ ਕੋਰਟ ਦਾ ਡਬਲ ਬੈਂਚ ਵੀ ਦੋਸ਼ੀ ਨੂੰ ਫਾਂਸੀ ਦੀ ਸਜਾ ਸੁਣਾ ਦਿੰਦਾ ਹੈ ਤਾਂ ਇਸ ਤੋਂ ਬਾਅਦ ਉਹ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਵੀ ਕਰ ਸਕਦਾ ਹੈ।

ਹੁਣ ਤੱਕ ਕਿੰਨੇ ਲੋਕਾਂ ਨੂੰ ਹੋਈ ਫਾਂਸੀ ਦੀ ਸਜਾ

ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਪਿਛਲੇ 13 ਸਾਲਾਂ ’ਚ ਹੁਣ ਤੱਕ ਸਿਰਫ 4 ਲੋਕਾਂ ਨੂੰ ਹੀ ਫਾਂਸੀ ਸਜਾ ਸੁਣਾਈ ਗਈ ਹੈ, ਜਦਕਿ ਲੋਅਰ ਕੋਰਟ ਵੱਲੋਂ 371 ਦੋਸ਼ਆਂ ਨੂੰ ਫਾਂਸੀ ਦੀ ਸਜਾ ਸੁਣਾਈ ਜਾ ਚੁੱਕੀ ਹੈ। ਇਸ ਦੌਰਾਨ 2004 ਵਿਚ ਧੰਨਿਜੇ ਚੈਟਰਜ਼ੀ ਨੂੰ ਨਾਬਲਗ ਦੇ ਰੇਪ ਅਤੇ ਕਤਲ ਕੇਸ ’ਚ ਫਾਂਸੀ ਦੀ ਸਜਾ ਸੁਣਾਈ ਗਈ ਸੀ। ਇਸ ਤੋਂ ਬਾਅਦ 21 ਨਵੰਬਰ 2012 ਨੂੰ ਮੁੰਬਈ ਹਮਲੇ ਦੇ ਦੋਸ਼ੀ ਮੁਹੰਮਦ ਅਜਮਲ ਕਸਾਬ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ। ਇਸੇ ਤਰ੍ਹਾਂ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਪਾਰਲੀਮੈਂਟ ਅਟੈਕ ਮਾਮਲੇ ’ਚ ਸਜਾ ਸੁਣਾਈ ਗਈ ਸੀ। ਇਸ ਤਰ੍ਹਾਂ ਦੇ ਮਾਮਲਿਆਂ ’ਚ ਸਭ ਤੋਂ ਆਖਰੀ ਫਾਂਸੀ ਦੀ ਸਜਾ 30 ਜੁਲਾਈ 2015 ਨੂੰ ਯਾਕੂਬ ਮੈਨਨ ਨੂੰ ਦਿੱਤੀ ਗਈ ਸੀ।
 


Related News