ਇੰਪਰੂਵਮੈਂਟ ਟਰੱਸਟ ਦੇ EO ਜਤਿੰਦਰ ਸਿੰਘ ਖਿਲਾਫ 5 ਕੇਸਾਂ ’ਚ ਨਿਕਲੇ ਗੈਰ-ਜ਼ਮਾਨਤੀ ਅਰੈਸਟ ਵਾਰੰਟ
Monday, Aug 24, 2020 - 01:20 PM (IST)
ਜਲੰਧਰ (ਚੋਪੜਾ) - ਇੰਪਰੂਵਮੈਂਟ ਟਰੱਸਟ ਵੱਲੋਂ ਅਲਾਟੀਆਂ ਨਾਲ ਕੀਤੀਆਂ ਗਈਆਂ ਧਾਂਦਲੀਆਂ ਅਤੇ ਧੋਖਾਦੇਹੀਆਂ ਸਬੰਧੀ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਵਿਚ ਜਾਰੀ ਹੋਣ ਵਾਲੇ ਵਾਰੰਟਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਸਿਲਸਿਲੇ ਵਿਚ ਹੁਣ ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ 5 ਕੇਸਾਂ ਵਿਚ ਟਰੱਸਟ ਦੇ ਈ. ਓ. ਜਤਿੰਦਰ ਸਿੰਘ ਖਿਲਾਫ 5 ਕੇਸਾਂ ਵਿਚ ਪੁਲਸ ਕਮਿਸ਼ਨਰ ਰਾਹੀਂ 5 ਨਵੇਂ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਪਿਛਲੇ ਸਾਲਾਂ ਦੌਰਾਨ ਟਰੱਸਟ ਦੇ ਚੇਅਰਮੈਨ ਅਤੇ ਈ. ਓ. ਖਿਲਾਫ ਅਰੈਸਟ ਵਾਰੰਟਾਂ ਦੀ ਗਿਣਤੀ 114 ਦੇ ਅੰਕੜੇ ਤਕ ਜਾ ਪਹੁੰਚੀ ਹੈ।
ਵਰਣਨਯੋਗ ਹੈ ਕਿ ਇਨ੍ਹਾਂ 5 ਕੇਸਾਂ ਵਿਚ ਈ. ਓ. ਖਿਲਾਫ ਚੌਥੀ ਵਾਰ ਵਾਰੰਟ ਜਾਰੀ ਹੋਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਟਰੱਸਟ ਦੀ ਇੰਨੀ ਜ਼ਿਆਦਾ ਹੋ ਰਹੀ ਜਗ-ਹਸਾਈ ਦੇ ਬਾਵਜੂੂਦ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਤੇ ਈ. ਓ. ਜਤਿੰਦਰ ਸਿੰਘ ਅਲਾਟੀਆਂ ਦੇ ਕੇਸਾਂ ਨਾਲ ਨਜਿੱਠਣ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੇ, ਜਿਸ ਕਾਰਣ ਆਏ ਦਿਨ ਵਾਰੰਟਾਂ ’ਤੇ ਵਾਰੰਟ ਜਾਰੀ ਹੋ ਰਹੇ ਹਨ। ਇਨ੍ਹਾਂ ਸਾਰੇ ਕੇਸਾਂ ਦੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ ਅਤੇ ਪੁਲਸ ਨੂੰ ਈ. ਓ. ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਇਸੇ ਦਿਨ ਫੋਰਮ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਕਮਿਸ਼ਨਰੇਟ ਪੁਲਸ ਈ. ਓ. ਨੂੰ ਗ੍ਰਿਫਤਾਰ ਕਰ ਕੇ ਫੋਰਮ ਵਿਚ ਪੇਸ਼ ਕਰਦੀ ਹੈ ਜਾਂ ਹਰ ਵਾਰ ਵਾਂਗ ਬਹਾਨਿਆਂ ਭਰੀ ਰਿਪੋਰਟ ਪੇਸ਼ ਕਰ ਕੇ ਫੋਰਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ।
ਬਾਕਸ–ਇਨ੍ਹਾਂ ਕੇਸਾਂ ’ਚ ਨਿਕਲੇ ਈ. ਓ. ਦੇ ਗੈਰ-ਜ਼ਮਾਨਤੀ ਅਰੈਸਟ ਵਾਰੰਟ
ਕੇਸ ਨੰ. 1–ਬੀਬੀ ਭਾਨੀ ਕੰਪਲੈਕਸ ਦੇ ਅਲਾਟੀ ਰਾਜ ਕੁਮਾਰ ਨੂੰ ਟਰੱਸਟ ਨੇ ਫਲੈਟ ਨੰ. 5-ਏ ਸੈਕੰਡ ਫਲੋਰ (ਜੋ ਅੱਜ ਤਕ ਕਾਗਜ਼ਾਂ ਵਿਚ ਬਣਿਆ ਹੈ) ਅਲਾਟ ਕੀਤਾ ਸੀ। ਫਲੈਟ ਨਾ ਮਿਲਣ ’ਤੇ ਅਲਾਟੀ ਨੇ ਜ਼ਿਲਾ ਖਪਤਕਾਰ ਫੋਰਮ ਵਿਚ ਟਰੱਸਟ ਖਿਲਾਫ ਕੇਸ ਦਾਇਰ ਕੀਤਾ, ਜਿਸ ਦਾ ਫੈਸਲਾ 12 ਮਾਰਚ, 2019 ਨੂੰ ਟਰੱਸਟ ਦੇ ਖਿਲਾਫ਼ ਆਇਆ। ਕੇਸ ਦੌਰਾਨ ਅਲਾਟੀ ਨੂੰ 5,90,298 ਰੁਪਏ ਮਿਲ ਚੁੱਕੇ ਹਨ ਪਰ 5,82,685 ਰੁਪਏ ਪੈਂਡਿੰਗ ਹਨ। ਫੋਰਮ ਦੇ ਹੁਕਮਾਂ ਦੇ ਬਾਵਜੂਦ ਅਲਾਟੀ ਨੂੰ ਬਕਾਏ ਦਾ ਭੁਗਤਾਨ ਨਾ ਕਰਨ ’ਤੇ ਟਰੱਸਟ ਦੇ ਈ. ਓ. ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।
ਕੇਸ ਨੰ. 2–ਬਨਵਾਰੀ ਲਾਲ ਖੰਨਾ ਨੂੰ ਟਰੱਸਟ ਨੇ ਫਲੈਟ ਨੰ. 53-ਏ, ਸੈਕੰਡ ਫਲੋਰ ਅਲਾਟ ਕੀਤਾ ਸੀ। ਕਬਜ਼ਾ ਨਾ ਮਿਲਣ ’ਤੇ ਦਾਇਰ ਕੀਤੇ ਗਏ ਕੇਸ ਵਿਚ ਜ਼ਿਲਾ ਫੋਰਮ ਦੇ ਹੁਕਮਾਂ ’ਤੇ ਅਲਾਟੀ ਨੂੰ ਕੁੱਲ ਰਕਮ ਵਿਚੋਂ 5,90,300 ਰੁੁਪਏ ਮਿਲ ਚੁੱਕੇ ਹਨ, ਜਦੋਂ ਕਿ 5,82,813 ਰੁਪਏ ਬਕਾਇਆ ਹਨ। ਬਕਾਏ ਦੀ ਅਦਾਇਗੀ ਨਾ ਹੋਣ ਕਾਰਣ ਅਤੇ ਫੋਰਮ ਦੇ ਹੁਕਮਾਂ ਦੀ ਪਾਲਣਾ ਨਾ ਹੋਣ ਕਾਰਣ ਈ. ਓ. ਖਿਲਾਫ ਚੌਥੀ ਵਾਰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।
ਕੇਸ ਨੰ. 3–ਸੁਖਦੇਵ ਸਿੰਘ ਨੂੰ ਇੰਪਰੂਵਮੈਂਟ ਟਰੱਸਟ ਨੇ ਕੰਪਲੈਕਸ ਵਿਚ ਫਲੈਟ ਨੰ. 16-ਏ, ਸੈਕੰਡ ਫਲੋਰ ਅਲਾਟ ਕੀਤਾ ਸੀ ਪਰ ਆਪਣੇ ਨਾਲ ਹੋਈ ਧੋਖਾਦੇਹੀ ਕਾਰਣ ਅਲਾਟੀ ਨੇ ਟਰੱਸਟ ਖਿਲਾਫ਼ ਕੇਸ ਕੀਤਾ, ਜਿਸ ਵਿਚ ਫੋਰਮ ਦੇ ਹੁਕਮਾਂ ’ਤੇ ਅਲਾਟੀ ਨੂੰ 5,71,660 ਰੁਪਏ ਦਾ ਭੁਗਤਾਨ ਹੋ ਚੁੱਕਾ ਹੈ, ਜਦੋਂ ਕਿ 6,60,962 ਰੁਪਏ ਦਾ ਭੁਗਤਾਨ ਨਹੀਂ ਹੋਇਆ। ਫੋਰਮ ਦੇ ਹੁਕਮਾਂ ਨੂੰ ਅਣਡਿੱਠ ਕਰਨ ਕਾਰਣ ਈ. ਓ. ਖਿਲਾਫ ਚੌਥੀ ਵਾਰ ਗੈਰ-ਜ਼ਮਾਨਤੀ ਵਾਰੰਟ ਕੱਢਿਆ ਗਿਆ ਹੈ।
ਕੇਸ ਨੰ.-4 ਅਲਾਟੀ ਕਮਲ ਦੇਵ, ਜਿਸ ਨੂੰ ਟਰੱਸਟ ਨੇ ਫਲੈਟ ਨੰ. 43-ਏ , ਸੈਕੰਡ ਫਲੋਰ ਅਲਾਟ ਕੀਤਾ ਸੀ ਪਰ ਫਲੈਟ ਦਾ ਕਬਜ਼ਾ ਨਾ ਮਿਲਣ ’ਤੇ ਅਲਾਟੀ ਨੇ ਟਰੱਸਟ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ। ਟਰੱਸਟ ਖਿਲਾਫ ਫੈਸਲਾ ਆਉਣ ’ਤੇ ਅਲਾਟੀ ਨੂੰ 6,69,097 ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਸੀ, ਜਦੋਂ ਕਿ 6,47,077 ਰੁਪਏ ਬਕਾਇਆ ਸਨ। ਫੋਰਮ ਦੇ ਹੁਕਮਾਂ ਦੀ ਪਾਲਣਾ ਨਾ ਹੋਣ ’ਤੇ ਟਰੱਸਟ ਦੇ ਈ. ਓ. ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ ਹੈ।
ਕੇਸ ਨੰ. 5–ਬੀਬੀ ਭਾਨੀ ਕੰਪਲੈਕਸ ਦੇ ਫਲੈਟ ਨੰ. 77-ਏ, ਸੈਕੰਡ ਫਲੋਰ ਦੇ ਅਲਾਟੀ ਨਵਤੇਜ ਸਿੰਘ ਚਾਹਲ, ਜੋ ਵਿਜੀਲੈਂਸ ਵਿਭਾਗ ਦੇ ਸੇਵਾ-ਮੁਕਤ ਡੀ. ਐੱਸ. ਪੀ. ਹਨ, ਨੇ ਫਲੈਟ ਦਾ ਕਬਜ਼ਾ ਨਾ ਮਿਲਣ ’ਤੇ ਫੋਰਮ ’ਚ ਕੇਸ ਦਾਇਰ ਕੀਤਾ। ਕੇਸ ਦੌਰਾਨ ਟਰੱਸਟ ਨੇ ਅਲਾਟੀ ਨੂੰ 5,09,060 ਰੁਪਏ ਦਾ ਭੁਗਤਾਨ ਕਰ ਦਿੱਤਾ ਸੀ, ਜਦੋਂ ਕਿ 6,86,146 ਬਕਾਇਆ ਹੋਣ ਕਾਰਣ ਫੋਰਮ ਨੇ ਟਰੱਸਟ ਦੇ ਈ. ਓ. ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।