ਨਾਮਜ਼ਦਗੀ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ ਪੰਜਾਬ ''ਚ 278 ਉਮੀਦਵਾਰ ਚੋਣ ਮੈਦਾਨ ''ਚ
Saturday, May 04, 2019 - 01:28 AM (IST)
![ਨਾਮਜ਼ਦਗੀ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ ਪੰਜਾਬ ''ਚ 278 ਉਮੀਦਵਾਰ ਚੋਣ ਮੈਦਾਨ ''ਚ](https://static.jagbani.com/multimedia/2019_5image_00_19_589023356ec.jpg)
ਚੰਡੀਗੜ੍ਹ,(ਭੁੱਲਰ): ਨਾਮਜ਼ਦਗੀ ਕਾਗਜ਼ਾਂ ਦੀ ਵਾਪਸੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਪੰਜਾਬ 'ਚ ਕੁਲ 278 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ। 2014 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਕੁੱਲ 253 ਉਮੀਦਵਾਰ ਸਨ। 29 ਅਪ੍ਰੈਲ ਨੂੰ ਨਾਮਜ਼ਦਗੀਆਂ ਦਾ ਕੰਮ ਪੂਰਾ ਹੋਣ ਤੱਕ 385 ਉਮੀਦਵਾਰਾਂ ਨੇ ਕਾਗਜ਼ ਭਰੇ ਸਨ। 30 ਅਪ੍ਰੈਲ ਨੂੰ ਪੜਤਾਲ ਦੌਰਾਨ 297 ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ ਜਦਕਿ ਅਨੰਦਪੁਰ ਸਾਹਿਬ ਤੋਂ 'ਆਪ' ਦੇ ਉਮੀਦਵਾਰ ਦੇ ਕਾਗਜ਼ ਵਿਵਾਦ ਕਾਰਨ ਪੈਂਡਿੰਗ ਰੱਖੇ ਗਏ ਸਨ। 2 ਮਈ ਸ਼ਾਮ ਤੱਕ 20 ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ ਹਨ। ਚੋਣ ਲੜਨ ਲਈ ਯੋਗ ਪਾਏ ਗਏ 278 ੳਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ।
ਕਾਗਜ਼ ਵਾਪਸ ਲਏ ਜਾਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਲੋਕ ਸਭਾ ਹਲਕਾ ਗੁਰਦਾਸਪੁਰ 'ਚ 15, ਖਡੂਰ ਸਾਹਿਬ ਤੋਂ 19, ਅੰਮ੍ਰਿਤਸਰ ਤੋਂ 30, ਜਲੰਧਰ 19, ਹੁਸ਼ਿਆਰਪੁਰ (ਐੱਸ. ਸੀ.) 'ਚ 8, ਅਨੰਦਪੁਰ ਸਾਹਿਬ 'ਚ 26, ਲੁਧਿਆਣਾ 'ਚ 22, ਫਤਿਹਗੜ੍ਹ ਸਾਹਿਬ (ਐੱਸ.ਸੀ.) 'ਚ 20, ਫਰੀਦਕੋਟ 'ਚ 20, ਫਿਰੋਜ਼ਪੁਰ 'ਚ 22, ਬਠਿੰਡਾ 'ਚ 27, ਸੰਗਰੂਰ 'ਚ 25, ਪਟਿਆਲਾ 'ਚ 25 ਉਮੀਦਵਾਰ ਮੈਦਾਨ 'ਚ ਹਨ। ਸਭ ਤੋਂ ਵੱਧ ਉਮੀਦਵਾਰ ਅੰਮ੍ਰਿਤਸਰ ਹਲਕੇ 'ਚ ਅਤੇ ਸਭ ਤੋਂ ਘੱਟ ਹੁਸ਼ਿਆਰਪੁਰ 'ਚ ਹਨ। ਜ਼ਿਕਰਯੋਗ ਹੈ ਕਿ 13 'ਚੋਂ 11 ਹਲਕਿਆਂ 'ਚ 16 ਤੋਂ ਵੱਧ ਉਮੀਦਵਾਰ ਹਨ, ਜਿਸ ਕਰਕੇ ਇਨ੍ਹਾਂ ਹਲਕਿਆਂ 'ਚ ਵਾਧੂ ਈ.ਵੀ.ਐੱਮ. ਯੂਨਿਟਾਂ ਦੀ ਵਰਤੋਂ ਕਰਨੀ ਪਵੇਗੀ ਕਿਉਂਕਿ ਇਕ ਮਸ਼ੀਨ 'ਚ 16 ਨਾਂ ਹੀ ਆ ਸਕਦੇ ਹਨ।