ਹੈਰਾਨੀਜਨਕ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ''ਚ 8 ਸਿਵਲ ਹਸਪਤਾਲ, ''Ventilator'' ਇਕ ਵੀ ਨਹੀਂ
Wednesday, Apr 28, 2021 - 10:35 AM (IST)
ਫਤਿਹਗੜ੍ਹ ਸਾਹਿਬ (ਵਿਪਨ) : ਪੰਜਾਬ 'ਚ ਕੋਰੋਨਾ ਮਹਾਮਾਰੀ ਨੇ ਕੋਹਰਾਮ ਮਚਾਇਆ ਹੋਇਆ ਹੈ ਅਤੇ ਦਿਨੋਂ-ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵੱਡੇ ਪੱਧਰ 'ਤੇ ਵਾਧਾ ਹੋ ਰਿਹਾ ਹੈ। ਜੇਕਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਵੀ ਕੋਰੋਨਾ ਨੇ ਭੜਥੂ ਪਾਇਆ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ 6 ਲੱਖ ਦੀ ਆਬਾਦੀ ਵਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਕੁੱਲ 8 ਸਿਵਲ ਹਸਪਤਾਲ ਹਨ ਪਰ ਇਸ ਦੇ ਬਾਵਜੂਦ ਅਮਰਜੈਂਸੀ ਲਈ ਇਨ੍ਹਾਂ ਹਸਪਤਾਲਾਂ 'ਚ ਇਕ ਵੀ ਵੈਂਟੀਲੇਟਰ ਨਹੀਂ ਹੈ।
ਇਹ ਵੀ ਪੜ੍ਹੋ : 'ਆਸਾਮ' 'ਚ ਲੱਗੇ ਭੂਚਾਲ ਦੇ ਵੱਡੇ ਝਟਕੇ, 6.4 ਮਾਪੀ ਗਈ ਤੀਬਰਤਾ
ਹਾਲਾਂਕਿ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਹੀ ਸਥਿਤ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਜਨਤਾ ਦੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਕਿੰਨੀ ਕੁ ਫ਼ਿਕਰਮੰਦ ਹੈ। ਇਸ ਬਾਰੇ ਜਦੋਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ 'ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਪਰ ਜ਼ਿਲ੍ਹੇ 'ਚ ਸਿਰਫ ਇਕ ਹੀ ਵੈਂਟੀਲੇਟਰ ਹੈ, ਉਹ ਵੀ ਨਿੱਜੀ ਹਸਪਤਾਲ 'ਚ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਇਹ ਅਹਿਮ ਫ਼ੈਸਲਾ
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਪੂਰੇ ਇੰਤਜ਼ਾਮ ਮੁਕੰਮਲ ਕੀਤੇ ਗਏ ਹਨ। ਬਲਜੀਤ ਕੌਰ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ 'ਚ ਪਹਿਲਾਂ 12 ਬੈੱਡ ਸਨ, ਜਿਨ੍ਹਾਂ ਦੀ ਗਿਣਤੀ ਵਧਾ ਕੇ ਹੁਣ 40 ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵੈਂਟੀਲੇਟਰ ਲਈ ਸਰਕਾਰ ਤੋਂ ਮੰਗ ਕੀਤੀ ਗਈ ਹੈ ਤਾਂ ਜੋ ਅਮਰਜੈਂਸੀ 'ਚ ਮਰੀਜ਼ ਨੂੰ ਪਟਿਆਲਾ ਜਾਂ ਚੰਡੀਗੜ੍ਹ ਰੈਫ਼ਰ ਕਰਨ ਦੀ ਲੋੜ ਨਾ ਪਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ