ਅਕਾਲੀਆਂ ਦੇ ਦਬਾਅ ''ਚ ਐੱਸ. ਐੱਚ. ਓ. ਤਬਦੀਲ ਕਰਨ ਦਾ ਸਵਾਲ ਹੀ ਨਹੀਂ : ਅਮਰਿੰਦਰ
Friday, Aug 11, 2017 - 06:30 AM (IST)

ਜਲੰਧਰ (ਧਵਨ) - ਅਕਾਲੀਆਂ ਦੇ ਦਬਾਅ 'ਚ ਐੱਸ. ਐੱਚ.ਓ. ਜਾਂ ਕਿਸੇ ਪੁਲਸ ਅਧਿਕਾਰੀ ਨੂੰ ਤਬਦੀਲ ਕਰਨ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਡੀ. ਜੀ. ਪੀ. ਨਾਲ ਬੈਠਕ ਦਾ ਉਦੇਸ਼ ਜਨਤਾ ਦਾ ਧਿਆਨ ਸਾਬਕਾ ਅਕਾਲੀ ਰਾਜ ਵਿਚ ਦਰਜ ਝੂਠੇ ਕੇਸਾਂ ਤੋਂ ਹਟਾਉਣਾ ਹੈ, ਜਿਨ੍ਹਾਂ ਦਾ ਖੁਲਾਸਾ ਜਲਦੀ ਹੀ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਝੂਠੇ ਕੇਸ ਮਜੀਠੀਆ ਦੇ ਹਲਕੇ ਤੋਂ ਹੋਣ ਦੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਮਜੀਠੀਆ ਨੂੰ ਡਰ ਹੈ ਕਿ ਰਣਜੀਤ ਸਿੰਘ ਕਮਿਸ਼ਨ ਜੋ ਕਿ ਸਾਬਕਾ ਸਰਕਾਰ ਦੇ ਸਮੇਂ ਦਰਜ ਝੂਠੇ ਕੇਸਾਂ ਦੀ ਜਾਂਚ-ਪੜਤਾਲ ਕਰ ਰਿਹਾ ਹੈ, ਉਹ ਸੱਚਾਈ ਨੂੰ ਉਜਾਗਰ ਕਰਨ ਵਾਲਾ ਹੈ। ਮਜੀਠੀਆ ਵਲੋਂ ਕਾਂਗਰਸੀ ਵਿਧਾਇਕਾਂ ਦੀਆਂ ਸਿਫਾਰਸ਼ਾਂ 'ਤੇ ਐੱਸ. ਐੱਚ. ਓਜ਼ ਦੀਆਂ ਨਿਯੁਕਤੀਆਂ ਕਰਨ ਦੇ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਤੇ ਪ੍ਰਸ਼ਾਸਨਿਕ ਨਿਯੁਕਤੀਆਂ ਵਿਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੈ। ਉਨ੍ਹਾਂ ਦੀ ਸਰਕਾਰ ਨੇ ਨਾ ਤਾਂ ਕਿਸੇ ਸਿਆਸੀ ਦਬਾਅ ਹੇਠ ਕਿਸੇ ਦੀ ਬਦਲੀ ਕੀਤੀ ਹੈ ਤੇ ਨਾ ਹੀ ਸਿਆਸਤਦਾਨਾਂ ਦੇ ਕਹਿਣ 'ਤੇ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਡੀ. ਜੀ. ਪੀ. ਨੂੰ ਮਿਲਣ ਲਈ ਸੁਤੰਤਰ ਹਨ ਪਰ ਉਨ੍ਹਾਂ ਦੇ ਕਹਿਣੇ 'ਤੇ ਕਿਸੇ ਐੱਸ. ਐੱਚ. ਓ. ਦਾ ਤਬਾਦਲਾ ਨਹੀਂ ਕੀਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਮਜੀਠੀਆ ਨੂੰ ਪਤਾ ਹੈ ਕਿ ਜ਼ਿਆਦਾਤਰ ਝੂਠੇ ਕੇਸ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਦਰਜ ਹੋਏ ਹਨ, ਇਸ ਲਈ ਉਹ ਆਪਣਾ ਬਚਾਅ ਕਰਨਾ ਚਾਹੁੰਦੇ ਹਨ ਕਿਉਂਕਿ ਇਕ ਵਾਰ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਉਣ 'ਤੇ ਕਾਰਵਾਈ ਜ਼ਰੂਰੀ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜਿੰਨੇ ਵੀ ਝੂਠੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਮਾਮਲਿਆਂ ਵਿਚ ਸਾਰੇ ਲੋਕਾਂ ਨਾਲ ਇਨਸਾਫ ਕੀਤਾ ਜਾਵੇਗਾ। ਰਣਜੀਤ ਸਿੰਘ ਕਮਿਸ਼ਨ ਵਲੋਂ ਇਨ੍ਹਾਂ ਕੇਸਾਂ ਵਿਚ ਜਿਸ ਵੀ ਰਾਜਸੀ ਆਗੂ ਦੀ ਮਿਲੀਭੁਗਤ ਦੀ ਗੱਲ ਕਹੀ ਜਾਵੇਗੀ, ਉਨ੍ਹਾਂ ਦੇ ਖਿਲਾਫ ਮੌਜੂਦਾ ਸਰਕਾਰ ਵਲੋਂ ਕੇਸ ਦਰਜ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਧੀਆ ਸ਼ਾਸਨ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਨੂੰਨ ਮੁਤਾਬਕ ਸੁਤੰਤਰ ਤੌਰ 'ਤੇ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ। ਉਹ ਕਿਸੇ ਦਬਾਅ ਵਿਚ ਨਹੀਂ ਆਉਣਗੇ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਨਿਰਦੇਸ਼ ਦਿੱਤੇ ਕਿ ਪੁਲਸ ਫੋਰਸ ਕਿਸੇ ਵੀ ਤਰ੍ਹਾਂ ਦੇ ਦਬਾਅ ਵਿਚ ਆਏ ਬਗੈਰ ਕੰਮ ਕਰੇ।