ਦੁਨੀਆ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਹਥਿਆਰਾਂ ਤੋਂ ਜੁਦਾ ਨਹੀਂ ਕਰ ਸਕਦੀ : ਗਿਆਨੀ ਰਘਬੀਰ ਸਿੰਘ

05/24/2022 6:33:16 PM

ਸ੍ਰੀ ਅਨੰਦਪੁਰ ਸਾਹਿਬ(ਦਲਜੀਤ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਰ ਸਿੱਖ ਲਾਇਸੈਂਸੀ ਹਥਿਆਰ ਰੱਖਣ ਵਾਲੇ ਬਿਆਨ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਡਟਵੀਂ ਹਮਾਇਤ ਕਰਦਿਆਂ ਕਿਹਾ ਕਿ ਹਥਿਆਰ ਰੱਖਣ ਦਾ ਹੁਕਮ ਸਾਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਗਿਆ ਹੈ ਅਤੇ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਹਥਿਆਰਾਂ ਤੋਂ ਜੁਦਾ ਨਹੀਂ ਰੱਖ ਸਕਦੀ।

ਇਹ ਵੀ ਪੜ੍ਹੋ- ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਵਿਉਂਤਬੰਦੀ ਬਣਾਉਣ : ਮੀਤ ਹੇਅਰ

ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਸ ਸਬੰਧੀ ਦਿੱਤਾ ਗਿਆ ਬਿਆਨ ਬਿੱਲਕੁਲ ਠੀਕ ਅਤੇ ਢੁੱਕਵਾਂ ਹੈ। ਕਿਸੇ ਨੂੰ ਕੋਈ ਹੱਕ ਨਹੀ ਕਿ ਉਹ ਜਥੇਦਾਰ ਦੇ ਬਿਆਨ ’ਤੇ ਕਿੰਤੂ ਪ੍ਰੰਤੂ ਕਰੇ, ਭਾਵੇਂ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਕਿਉਂ ਨਾ ਹੋਣ।

ਇਹ ਵੀ ਪੜ੍ਹੋ- ਜਥੇਦਾਰ ਹਰਪ੍ਰੀਤ ਸਿੰਘ ਦੇ ‘ਹਥਿਆਰਾਂ’ ਵਾਲੇ ਬਿਆਨ ’ਤੇ ਜਾਣੋ ਕੀ ਬੋਲੇ ਮਨੋਰੰਜਨ ਕਾਲੀਆ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਦਿੱਤੇ ਗਏ ਬਿਆਨ ਕਿ ਜਥੇਦਾਰ ਸਿਰਫ਼ ਗੁਰਬਾਣੀ ਦਾ ਸੁਨੇਹਾ ਹੀ ਘਰ-ਘਰ ਪਹੁੰਚਾਉਣ ਇਹ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਸਿੱਖ ਇਤਹਾਸ ਤੋਂ ਬਿਲਕੁਲ ਅਨਜਾਣ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਮਾਡਰਨ ਹਥਿਆਰ ਰੱਖਣ ਦਾ ਜੋ ਸੁਨੇਹਾ ਦਿੱਤਾ ਹੈ, ਉਹ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਿਕ ਹੈ ਅਤੇ ਸਿੱਖਾਂ ਨੂੰ ਇਸ ’ਤੇ ਮਾਣ ਹੈ।
ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਬਖਸ਼ੇ ਹਨ ਅਤੇ ਸਿੰਘ ਸਾਹਿਬ ਨੇ ਲਾਇਸੈਂਸੀ ਹਥਿਆਰ ਰੱਖਣ ਲਈ ਕਿਹਾ ਹੈ ਜੋ ਕਾਨੂੰਨ ਦੇ ਅਨਕੂਲ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਹਥਿਆਰ ਰੱਖਣ ਦਾ ਭਾਵ ਕਿਸੇ ਨੂੰ ਡਰਾਉਣਾ ਜਾਂ ਦਬਾਉਣਾ ਨਹੀਂ ਸਗੋਂ ਆਪਣੀ ਸਵੈ-ਰੱਖਿਆ ਹੈ ਅਤੇ ਇਸ ਨਾਲ ਭਾਰਤ ਦੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੋ ਰਹੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Anuradha

Content Editor

Related News