ਨਹੀਂ ਰਾਸ ਆ ਰਹੀ ਜ਼ਿਲਾ ਵਾਸੀਆਂ ਨੂੰ ਟ੍ਰਾਂਸਪੋਰਟ ਵਿਭਾਗ ਦੀ ਨਵੀਂ ਪਾਲਿਸੀ

Wednesday, Nov 01, 2017 - 07:05 AM (IST)

ਨਹੀਂ ਰਾਸ ਆ ਰਹੀ ਜ਼ਿਲਾ ਵਾਸੀਆਂ ਨੂੰ ਟ੍ਰਾਂਸਪੋਰਟ ਵਿਭਾਗ ਦੀ ਨਵੀਂ ਪਾਲਿਸੀ

ਤਰਨਤਾਰਨ,   (ਰਮਨ)-  ਪੰਜਾਬ ਸਰਕਾਰ ਨੇ 17 ਅਗਸਤ ਨੂੰ ਇਕ ਫਰਮਾਨ ਜਾਰੀ ਕਰਦੇ ਹੋਏ ਪੰਜਾਬ ਦੇ ਸਮੂਹ ਜ਼ਿਲਿਆਂ 'ਚ ਮੌਜੂਦ ਜ਼ਿਲਾ ਟ੍ਰਾਂਸਪੋਰਟ ਅਫਸਰ ਦੀ ਪੋਸਟ ਨੂੰ ਖਤਮ ਕਰਦੇ ਹੋਏ ਦੋ-ਦੋ ਜ਼ਿਲਿਆਂ ਉਪਰ ਇਕ ਆਰ. ਟੀ. ਏ. (ਰਿਜਨਲ ਟ੍ਰਾਂਸਪੋਰਟ ਅਥਾਰਟੀ) ਨੂੰ ਤਾਇਨਾਤ ਕਰ ਦਿੱਤਾ ਸੀ, ਜਿਸ ਨਾਲ ਜ਼ਿਲਾ ਤਰਨਤਾਰਨ ਦੇ ਲੋਕਾਂ ਨੂੰ ਆਪਣੇ ਕਮਰਸ਼ੀਅਲ ਕੰਮਾਂ ਲਈ ਜ਼ਿਲਾ ਅੰਮ੍ਰਿਤਸਰ ਵਿਖੇ ਮੌਜੂਦ ਦਫਤਰ ਵਿਚ ਜਾਣ ਲਈ ਮਜਬੂਰ ਪੈ ਰਿਹਾ ਹੈ। ਜ਼ਿਲਾ ਵਾਸੀਆਂ ਨੇ ਕਿਹਾ ਕਿ ਜੇ ਜ਼ਿਲੇ ਦੇ ਕੰਮਾਂ ਲਈ ਦੂਸਰੇ ਜ਼ਿਲੇ ਵਿਚ ਹੀ ਜਾਣਾ ਸੀ ਤਾਂ ਇਸ ਨਵੇਂ ਬਣਾਏ ਜ਼ਿਲੇ ਦੀ ਕੀ ਲਾਭ ।
ਜਾਣਕਾਰੀ ਅਨੁਸਾਰ ਜ਼ਿਲੇ ਦੇ ਟ੍ਰਾਂਸਪੋਰਟ ਸਬੰਧੀ ਕੰਮਕਾਜ ਨੂੰ ਚਾਰ ਭਾਗਾਂ 'ਚ ਵੰਡਿਆ ਗਿਆ ਹੈ, ਜਿਸ ਵਿਚ ਤਰਨਤਾਰਨ, ਪੱਟੀ, ਖਡੂਰ ਸਾਹਿਬ ਤੇ ਭਿੱਖੀਵਿੰਡ ਸ਼ਾਮਲ ਹਨ ਅਤੇ ਇਸ ਜ਼ਿਲੇ ਨੂੰ ਅੰਮ੍ਰਿਤਸਰ ਵਿਖੇ ਬੈਠਦੇ ਆਰ. ਟੀ. ਏ. ਨਾਲ ਜੋੜਿਆ ਗਿਆ ਹੈ। 
ਤਰਨਤਾਰਨ ਜ਼ਿਲਾ ਵਾਸੀਆਂ ਨੂੰ ਆਪਣੇ ਕਮਰਸ਼ੀਅਲ ਕੰਮਾਂ ਜਿਵਂੇ ਕਿ ਵਪਾਰ ਲਈ ਵਰਤੇ ਜਾਣ ਵਾਲੇ ਵਾਹਨਾਂ ਦੀ ਪਾਸਿੰਗ, ਰਜਿਸਟਰੇਸ਼ਨ, ਡਰਾਈਵਿੰਗ ਲਾਇਸੈਂਸ (ਐੱਲ. ਟੀ. ਵੀ., ਐੱਚ. ਟੀ. ਵੀ.) ਨਵੇਂ ਅਤੇ ਰੀਨਿਊ ਤੋਂ ਇਲਾਵਾ ਚਲਾਨ ਭੁਗਤਣ ਲਈ ਅੰਮ੍ਰਿਤਸਰ ਆਰ. ਟੀ. ਏ. ਦਫਤਰ ਵਿਖੇ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਵਾਹਨਾਂ ਲਈ ਨਵੀਆਂ ਆਰ. ਸੀਜ਼, ਆਰ. ਸੀ. ਟ੍ਰਾਂਸਫਰ, ਕਮਰਸ਼ੀਅਲ ਲਾਇਸੈਂਸ ਤੇ ਐੱਨ. ਓ. ਸੀ. ਲਈ ਅੰਮ੍ਰਿਤਸਰ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਕੀ ਕਹਿੰਦੇ ਹਨ ਲੋਕ
ਇਸ ਸਬੰਧੀ ਡੀ. ਟੀ. ਓ. ਦਫਤਰ ਵਿਖੇ ਆਪਣੇ ਵੱਖ-ਵੱਖ ਕੰਮਾਂ ਲਈ ਆਏ ਲੋਕ ਜਿਨ੍ਹਾਂ 'ਚ ਗੁਰਵਿੰਦਰ ਸਿੰਘ, ਹਰਦਿਆਲ ਸਿੰਘ, ਏ. ਕੁਮਾਰ, ਹਰਪ੍ਰੀਤ ਸਿੰਘ ਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਅੰਮ੍ਰਿਤਸਰ ਵਿਖੇ ਜਾਣ ਲਈ ਕਿਹਾ ਜਾ ਰਿਹਾ ਹੈ, ਜੋ ਕਿ ਬਹੁਤ ਖੱਜਲ-ਖੁਆਰੀ ਹੈ। ਉਨ੍ਹਾਂ ਦੱਸਿਆ ਕਿ ਇਸ ਦਫਤਰ ਵਿਚ ਹਰ ਤਰ੍ਹਾਂ ਦੇ ਪ੍ਰਬੰਧ ਹੋਣ ਦੇ ਬਾਵਜੂਦ ਅਸੀਂ ਅੰਮ੍ਰਿਤਸਰ ਕਿਉਂ ਜਾਈਏ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਪਾਲਸੀ ਫੇਲ ਸਾਬਿਤ ਹੋਵੇਗੀ, ਜਿਸ ਨਾਲ ਸਰਕਾਰ ਨੂੰ ਘਾਟਾ ਵੀ ਸਹਿਣ ਕਰਨਾ ਪਵੇਗਾ। 
ਕਿੰਨਾ ਹੋ ਰਿਹਾ ਨੁਕਸਾਨ 
ਸਰਕਾਰ ਦੀ ਨਵੀਂ ਪਾਲਿਸੀ ਦਾ ਫਰਮਾਨ ਜਾਰੀ ਹੋਣ ਤੋਂ ਬਾਅਦ ਜਿੱਥੇ ਇਸ ਜ਼ਿਲੇ ਵਿਚ ਵੱਖ-ਵੱਖ ਕੰਮਾਂ ਰਾਹੀਂ ਕਰੀਬ 3.5 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਹੁੰਦੇ ਸਨ, ਉਹ ਹੁਣ ਆਰ. ਟੀ. ਏ. ਬਣਨ ਕਾਰਨ ਕਰੀਬ ਔਸਤ 1.5 ਕਰੋੜ ਹੀ ਰਹਿ ਗਿਆ ਹੈ। ਇੰਨਾ ਹੀ ਨਹੀਂ ਇਕ ਆਰ. ਟੀ. ਏ. ਜਿਸ ਕੋਲ ਤਰਨਤਾਰਨ, ਪੱਟੀ, ਖਡੂਰ ਸਾਹਿਬ, ਭਿੱਖੀਵਿੰਡ, ਮਜੀਠਾ, ਬਾਬਾ ਬਕਾਲਾ, ਅਜਨਾਲਾ ਤੇ ਅੰਮ੍ਰਿਤਸਰ ਦਾ ਕਾਫੀ ਬੋਝ ਹੈ, ਦਾ ਲਾਭ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਸਾਨੀ ਨਾਲ ਲੈ ਰਹੇ ਹਨ। 


Related News