ਕਰਤਾਰਪੁਰ ਲਾਂਘੇ ਲਈ ਸ਼ਰਧਾਲੂਆਂ ਤੋਂ ਨਹੀਂ ਵਸੂਲਿਆ ਜਾ ਰਿਹੈ ਕੋਈ ਪੈਸਾ : ਕੈ. ਅਮਰਿੰਦਰ

12/01/2019 10:52:15 PM

ਚੰਡੀਗੜ੍ਹ, (ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵਲੋਂ ਸਥਾਪਤ ਕੀਤੇ ਸੇਵਾ ਕੇਂਦਰਾਂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਤੋਂ ਕੋਈ ਵੀ ਪੈਸਾ ਨਹੀਂ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਫੀਸ ਦਾ ਭੁਗਤਾਨ ਕਰਨ ਲਈ ਕਹਿੰਦਾ ਹੈ ਤਾਂ ਇਸ ਬਾਰੇ ਸਿੱਧੇ ਤੌਰ 'ਤੇ ਉਨ੍ਹਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਸੇਵਾ ਕੇਂਦਰਾਂ ਵਿਖੇ ਆਨਲਾਈਨ ਪੋਰਟਲ ਰਾਹੀਂ ਅਪਲਾਈ ਕਰਨ ਲਈ ਸਹੂਲਤ ਫੀਸ ਵਜੋਂ ਸ਼ਰਧਾਲੂਆਂ ਤੋਂ ਵਸੂਲੀ ਕੀਤੇ ਜਾਣ ਦੀਆਂ ਰਿਪੋਰਟਾਂ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਰਧਾਲੂਆਂ ਤੋਂ ਕਿਸੇ ਤਰ੍ਹਾਂ ਦੀ ਵਸੂਲੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ।

ਕਰਤਾਰਪੁਰ ਲਾਂਘੇ ਰਾਹੀਂ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਪਾਕਿਸਤਾਨ ਸਰਕਾਰ ਵਲੋਂ ਲਾਈ ਗਈ 20 ਡਾਲਰ ਦੀ ਫ਼ੀਸ ਦੀ ਨਿੱਜੀ ਤੌਰ 'ਤੇ ਮੁਖਾਲਫ਼ਤ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਉਦੇਸ਼ ਲਈ ਕਿਸੇ ਤਰ੍ਹਾਂ ਦੀ ਫੀਸ ਵਸੂਲਣੀ ਸਿੱਖ ਸਿਧਾਂਤਾਂ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਰਤ, ਕਿਸੇ ਵੀ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਪਾਕਿਸਤਾਨ ਸਮੇਤ ਕਿਸੇ ਵੀ ਮੁਲਕ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲੈਂਦਾ। ਕੈ. ਅਮਰਿੰਦਰ ਨੇ ਕਿਹਾ ਕਿ ਸੇਵਾ ਕੇਂਦਰਾਂ ਨੂੰ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨਾਂ ਨੂੰ ਸਹੂਲਤ ਤੇ ਆਨਲਾਈਨ ਐਪਲੀਕੇਸ਼ਨਾਂ ਦੀ ਪ੍ਰੀਕਿਰਿਆ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਕੋਈ ਸਹੂਲਤ ਫੀਸ ਸ਼ਾਮਲ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਉਹ ਗੰਭੀਰਤਾ ਨਾਲ ਨੋਟਿਸ ਲੈਣਗੇ।

ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਦੇ ਚਾਹਵਾਨ ਸਮੂਹ ਸ਼ਰਧਾਲੂਆਂ ਦੀ ਨਿਰਵਿਘਨ ਅਤੇ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਜਿਸ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨਾ ਹਰ ਸਿੱਖ ਦੀ ਇੱਛਾ ਅਤੇ ਹੱਕ ਹੈ।

ਕਰਤਾਰਪੁਰ ਗੁਰਦੁਆਰਾ ਸਾਹਿਬ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖ਼ਰੀ ਸਮਾਂ ਬਿਤਾਇਆ, ਹਰ ਸਿੱਖ ਦੇ ਜੀਵਨ 'ਚ ਇਕ ਵਿਸ਼ੇਸ਼ ਸਥਾਨ ਤੇ ਮਹੱਤਤਾ ਰੱਖਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ 'ਚ ਆਪਣੇ ਪਿਤਾ ਅਤੇ ਦਾਦਾ ਜੀ ਵਾਂਗ ਅਤੇ ਮਹਾਨ ਗੁਰੂ ਦੇ ਹਰ ਪੈਰੋਕਾਰ ਵਾਂਗ, ਉਹ (ਮੁੱਖ ਮੰਤਰੀ) ਖੁਦ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਸਦੀਆਂ ਤੱਕ ਸਿੱਖਾਂ ਲਈ ਸੁਰੱਖਿਅਤ ਰੱਖਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਗੁਰਦੁਆਰਾ ਸਹਿਬ ਦੇ ਦਰਸ਼ਨ ਕਰਕੇ ਖੁਦ ਨੂੰ ਸੁਭਾਗਾ ਮਹਿਸੂਸ ਕਰਦੇ ਹਨ ਤੇ ਇਹ ਸੁਨਿਸ਼ਚਿਤ ਕਰਨਗੇ ਕਿ ਸਿੱਖ ਧਰਮ ਦੇ ਬਾਨੀ ਗੁਰੂ ਸਾਹਿਬ ਜੀ ਦੇ ਹੋਰ ਬਹੁਤ ਸਾਰੇ ਪੈਰੋਕਾਰ ਇਸ ਪਾਵਨ ਅਸਥਾਨ 'ਤੇ ਸਤਿਕਾਰ ਦੇਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਹੋ ਸਕਣ।


KamalJeet Singh

Content Editor

Related News