ਸਰਕਾਰ ਖੇਤੀਬਾੜੀ ਟਿਊਬਵੈੱਲਾਂ ''ਤੇ ਨਹੀਂ ਲਾਏਗੀ ਬਿਜਲੀ ਦੇ ਬਿੱਲ : ਪ੍ਰਨੀਤ ਕੌਰ
Wednesday, Feb 28, 2018 - 08:21 AM (IST)

ਪਟਿਆਲਾ/ਸਨੌਰ (ਜੋਸਨ, ਕੁਲਦੀਪ, ਭੁਪਿੰਦਰ) - ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਅੱਜ ਇਥੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ ਦੇ ਖੇਤੀਬਾੜੀ ਟਿਊਬਵੈੱਲਾਂ 'ਤੇ ਬਿਜਲੀ ਦੇ ਬਿੱਲ ਕਦੇ ਵੀ ਨਹੀਂ ਲਾਵੇਗੀ।
ਅਕਾਲੀ ਦਲ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਸਚਾਈ ਇਹ ਹੈ ਕਿ ਦਿਨੋਂ-ਦਿਨ ਡੂੰਘੇ ਹੁੰਦੇ ਜਾ ਰਹੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੌਮੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੋਟਰਾਂ ਦੇ ਪਾਣੀ ਨੂੰ ਮੋਨੀਟਰ ਕਰਨ ਲਈ ਇਹ ਮੀਟਰ ਲਾਏ ਜਾ ਰਹੇ ਹਨ। ਪ੍ਰਨੀਤ ਕੌਰ ਅੱਜ ਇਥੇ ਪੰਜਾਬ ਕਾਂਗਰਸ ਦੇ ਸਕੱਤਰ ਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਵਿਚ 152 ਪਿੰਡਾਂ ਦੇ ਵਿਕਾਸ ਕਾਰਜਾਂ ਲਈ 6.5 ਕਰੋੜ ਰੁਪਏ ਦੇ ਚੈੱਕ ਤਕਸੀਮ ਕਰਨ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪ੍ਰਨੀਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ 'ਚ ਨੀਂਹ ਪੱਥਰ ਨਹੀਂ ਰੱਖੇ ਜਾਂਦੇ, ਬਲਕਿ ਕੰਮ ਕਰ ਕੇ ਲੋਕਾਂ 'ਚ ਜਾਇਆ ਜਾਂਦਾ ਹੈ। ਜਦੋਂਕਿ 10 ਸਾਲ ਨੀਂਹ ਪੱਥਰ ਰੱਖਣ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਲਕਾ ਸਨੌਰ ਦੀਆਂ 327 ਕਿਲੋਮੀਟਰ ਲੰਮੀਆਂ 122 ਸੜਕਾਂ ਦੀ ਮੁਰੰਮਤ ਲਈ 42 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਇਸ ਤੋਂ ਇਲਾਵਾ ਪਿੰਡ ਮੰਡੌਲੀ ਵਿਖੇ 241 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ਦੇ ਪ੍ਰਾਜੈਕਟ ਤੋਂ ਹਲਕਾ ਸਨੌਰ ਦੇ 55 ਪਿੰਡਾਂ ਨੂੰ ਲਾਭ ਪੁੱਜੇਗਾ।