ਸਪੂਤਨਿਕ-ਵੀ ਦੀ ਕੋਈ ਪੁੱਛਗਿੱਛ ਨਹੀਂ, ਕੋਵੈਕਸੀਨ ਦੀ ਪਈ ਥੁੜ੍ਹ, ਕੋਵਿਸ਼ੀਲਡ ਦੇ ਮੋਢਿਆਂ ’ਤੇ ਸਾਰੀ ਜ਼ਿੰਮੇਵਾਰੀ

Wednesday, Jun 30, 2021 - 05:13 PM (IST)

ਜਲੰਧਰ (ਬਿਊਰੋ) : ਭਾਰਤ ਦੇ ਟੀਕਾਕਰਨ ਦਾ ਪੂਰਾ ਭਾਰ ਸੀਰਮ ਇੰਸਟੀਚਿਊਟ ਪੁਣੇ ਦੇ ਮੋਢਿਆਂ ’ਤੇ ਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਕੋਵੈਕਸੀਨ ਦੀ ਕਮੀ ਹੈ, ਜਦਕਿ ਰੂਸੀ ਟੀਕੇ ਸਪੂਤਨਿਕ-ਵੀ ਦੀ ਕੋਈ ਪੁੱਛਗਿੱਛ ਨਹੀਂ ਹੈ। ਸਰਕਾਰੀ ਅੰਕੜਿਆਂ ਮੁਤਾਬਕ 27 ਜੂਨ ਤੱਕ ਲਾਈਆਂ ਗਈਆਂ 31.36 ਕਰੋੜ ਖੁਰਾਕਾਂ ਵਿਚੋਂ 27.57 ਕਰੋੜ ਖੁਰਾਕਾਂ ਸੀਰਮ ਦੇ ਕੋਵਿਸ਼ੀਲਡ ਦੀਆਂ ਹਨ। ਕੋਵੈਕਸੀਨ ਦੀਆਂ ਖੁਰਾਕਾਂ ਸਿਰਫ 2.79 ਕਰੋੜ ਲੋਕਾਂ ਨੂੰ ਹੀ ਲਾਈਆਂ ਜਾ ਸਕੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ 27 ਜੂਨ ਤੱਕ ਸਪੂਤਨਿਕ-ਵੀ ਦੇ ਸਿਰਫ 64135 ਟੀਕੇ ਹੀ ਲਾਏ ਜਾ ਚੁੱਕੇ ਸਨ। ਇਨ੍ਹਾਂ ਵਿਚੋਂ 49000 ਟੀਕੇ ਆਂਧਰਾ ਪ੍ਰਦੇਸ਼ ਵਿਚ ਲਾਏ ਗਏ। 20 ਤੋਂ ਵੱਧ ਸੂਬਿਆਂ ਵਿਚ ਤਾਂ ਸਪੂਤਨਿਕ ਦਾ ਇਕ ਵੀ ਟੀਕਾ ਨਹੀਂ ਲਾਇਆ ਗਿਆ। ਰੂਸੀ ਟੀਕਾ ਸਿਰਫ ਪ੍ਰਾਈਵੇਟ ਹਸਪਤਾਲਾਂ ਅਤੇ ਅਦਾਰਿਆਂ ਵਿਚ ਲਾਇਆ ਜਾ ਰਿਹਾ ਹੈ। ਰੂਸੀ ਟੀਕੇ ਪ੍ਰਤੀ ਠੰਡੇ ਰੁਖ਼ ਲਈ ਕਈ ਗੱਲਾਂ ਜ਼ਿੰਮੇਵਾਰ ਹਨ। ਇਕ ਹੈ ਪਹੁੰਚ ਅਤੇ ਦੂਜੀ ਹੈ ਕੀਮਤ। ਕੁੱਲ ਮਿਲਾ ਕੇ 22 ਮਈ ਤੱਕ ਰੂਸ ਤੋਂ ਸਪੂਤਨਿਕ-ਵੀ ਦੀਆਂ 32.10 ਲੱਖ ਖੁਰਾਕਾਂ 2 ਖੇਪਾਂ ਵਿਚ ਭਾਰਤ ਮੰਗਵਾਈਆਂ ਗਈਆਂ ਹਨ। ਭਾਰਤ ਵਿਚ ਇਹ ਟੀਕਾ ਡਾਕਟਰ ਰੈਡੀਜ਼ ਲੈਬ ਰਾਹੀਂ ਵੰਡਿਆ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਵਿਚ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਭਾਰਤ ਬਾਇਓਟੈੱਕ ਦੇ ਇਸ ਦਾਅਵੇ ਵਿਚ ਕੋਈ ਦਮ ਨਹੀਂ ਕਿ ਉਹ ਇਸ ਮਹੀਨੇ ਦੇ ਅੰਤ ਤੱਕ ਕੁੱਲ ਮਿਲਾ ਕੇ 5 ਕਰੋੜ ਟੀਕੇ ਮੁਹੱਈਆ ਕਰਵਾ ਸਕੇਗੀ। ਜੂਨ ਮਹੀਨੇ ਦਾ ਇਕ ਦਿਨ ਹੀ ਬਾਕੀ ਰਹਿ ਗਿਆ ਹੈ।

ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਵਧੇਰੇ ਸੂਬਿਆਂ ’ਚ ਕਾਂਗਰਸ ’ਚ ਪੈਦਾ ਹੋਈ ਧੜੇਬਾਜ਼ੀ

16 ਜਨਵਰੀ ਤੋਂ ਹੁਣ ਤੱਕ ਦੇ 6 ਮਹੀਨਿਆਂ ਦੌਰਾਨ ਭਾਰਤ ਬਾਇਓਟੈੱਕ 4 ਕਰੋੜ ਟੀਕੇ ਸਪਲਾਈ ਕਰ ਸਕੀ ਹੈ। ਇਸ ਤਰ੍ਹਾਂ ਇਕ ਮਹੀਨੇ ਦੀ ਔਸਤ 70 ਲੱਖ ਟੀਕੇ ਬਣਦੀ ਹੈ। ਇਸ ਦੇ ਮੁਕਾਬਲੇ ਸੀਰਮ ਨੇ 6 ਮਹੀਨਿਆਂ ਦੌਰਾਨ ਪ੍ਰਤੀ ਮਹੀਨੇ 4.66 ਕਰੋੜ ਟੀਕੇ ਸਪਲਾਈ ਕੀਤੇ ਹਨ। ਘੱਟੋ-ਘੱਟ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰ ਕੁਝ ਅਣਜਾਣ ਕਾਰਨਾਂ ਕਾਰਨ ਕੋਵੈਕਸੀਨ ਦੀ ਵਰਤੋਂ ਨਹੀਂ ਕਰ ਰਹੇ। ਇਹ ਕਿਹਾ ਜਾ ਰਿਹਾ ਹੈ ਕਿ ਮੁੰਬਈ, ਬੁਲੰਦਸ਼ਹਿਰ, ਗੁਜਰਾਤ ਅਤੇ ਹੋਰਨਾਂ ਥਾਵਾਂ ’ਤੇ ਨਵੀਆਂ ਨਿਰਮਾਣ ਸਹੂਲਤਾਂ ਸ਼ੁਰੂ ਹੋਣ ’ਤੇ ਕੋਵੈਕਸੀਨ ਆਪਣੀ ਸਪਲਾਈ ਵੱਡੀ ਪੱਧਰ ’ਤੇ ਵਧਾ ਦੇਵੇਗੀ।

ਇਹ ਵੀ ਪੜ੍ਹੋ : ਸ਼੍ਰੋਅਦ ਛੱਡ ਪਿੰਡ ਮੂਲੇ ਚੱਕ ਦੇ 6 ਪਰਿਵਾਰ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News