ਪੰਜਾਬ ’ਚ ਖ਼ਤਰੇ ਦੀ ਘੰਟੀ, 17 ਜ਼ਿਲ੍ਹਿਆਂ ’ਚ ਲੈਵਲ-3 ਦਾ ਇਕ ਵੀ ਆਈ. ਸੀ. ਯੂ. ਬੈੱਡ ਨਹੀਂ
Thursday, May 06, 2021 - 06:42 PM (IST)
ਚੰਡੀਗੜ੍ਹ (ਵਿਸ਼ੇਸ਼) : ਇਕ ਪਾਸੇ ਕੋਰੋਨਾ ਮਹਾਮਾਰੀ ਜਿੱਥੇ ਕਹਿਰ ਲਗਾਤਾਰ ਵਰ੍ਹਾ ਰਹੀ ਹੈ ਅਤੇ ਦੇਸ਼ ਵਿਚ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਇਸ ਦੀ ਲਪੇਟ ਵਿਚ ਆ ਕੇ ਮੌਤ ਹੋ ਰਹੀ ਹੈ, ਉਥੇ ਹੀ ਪੰਜਾਬ ਦੇ 22 ਵਿਚੋਂ 17 ਜ਼ਿਲੇ ਅਜਿਹੇ ਹਨ, ਜਿਨ੍ਹਾਂ ਵਿਚ ਸਰਕਾਰੀ ਹਸਪਤਾਲਾਂ ਵਿਚ ਲੈਵਲ-3 ਦਾ ਇਕ ਵੀ ਆਈ. ਸੀ. ਯੂ. ਬੈੱਡ ਵੀ ਨਹੀਂ ਹੈ। ਗੰਭੀਰ ਤੌਰ ’ਤੇ ਬੀਮਾਰ ਕੋਰੋਨਾ ਪਾਜ਼ੇਟਿਵ ਰੋਗੀਆਂ ਨੂੰ ਨਿਜੀ ਹਸਪਤਾਲਾਂ ਦੇ ਤਰਸ ’ਤੇ ਛੱਡ ਦਿੱਤਾ ਜਾਂਦਾ ਹੈ, ਜੋ ਅਕਸਰ ਜਬਰਨ ਵਸੂਲੀ ਕਰਨ ਵਾਲੇ ਹੋਣ ਦੀ ਆਲੋਚਨਾ ਦਾ ਸਾਹਮਣਾ ਕਰਦੇ ਹਨ। ਲਗਭਗ ਪਿਛਲੇ ਇਕ ਮਹੀਨੇ ਵਿਚ ਸੂਬੇ ਵਿਚ ਡੇਢ ਲੱਖ ਦੇ ਕਰੀਬ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਰੀਬ 20 ਗੁਣਾ ਅਤੇ ਵੈਂਟੀਲੇਟਰ ਦੀ ਲੋੜ ਵਾਲੇ ਰੋਗੀਆਂ ਦੀ ਗਿਣਤੀ ਵਿਚ 9 ਗੁਣਾ ਵਾਧਾ ਹੋ ਗਿਆ ਹੈ ਅਤੇ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਬੀਤੀ 8 ਅਪ੍ਰੈਲ ਨੂੰ 386 ਮਰੀਜ਼ ਆਕਸੀਜਨ ਅਤੇ 24 ਮਰੀਜ਼ ਵੈਂਟੀਲੇਟਰ ਸੁਪੋਰਟ ’ਤੇ ਸਨ, ਜਦੋਂ ਕਿ 12 ਦਿਨਾਂ ’ਚ ਇਹ ਗਿਣਤੀ 480 ਅਤੇ 48 ਤੱਕ ਪਹੁੰਚ ਗਈ ਅਤੇ 4 ਮਈ ਨੂੰ ਆਕਸੀਜਨ ਸੁਪੋਰਟ ’ਤੇ ਰੋਗੀਆਂ ਦੀ ਗਿਣਤੀ 8034 ਤੱਕ ਪਹੁੰਚ ਗਈ, ਜਦੋਂ ਕਿ 231 ਮਰੀਜ਼ ਵੈਂਟੀਲੇਟਰ ’ਤੇ ਸਨ। ਪਟਿਆਲਾ, ਫਰੀਦਕੋਟ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ 5 ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਦਾ ਕੋਈ ਵੀ ਸਰਕਾਰੀ ਹਸਪਤਾਲ ਲੈਵਲ-3 ਦੇ ਮਰੀਜ਼ਾਂ ਨੂੰ ਦੇਖਭਾਲ ਪ੍ਰਦਾਨ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਭਿਆਨਕ ਸੜਕ ਹਾਦਸਾ, ਮਾਂ-ਪਿਓ ਸਣੇ 3 ਬੱਚਿਆ ਦੀ ਮੌਤ, ਖ਼ਤਮ ਹੋਇਆ ਸਾਰਾ ਪਰਿਵਾਰ
ਇਨ੍ਹਾਂ ਪੰਜੇ ਜ਼ਿਲ੍ਹਿਆਂ ’ਚ ਮੈਡੀਕਲ ਕਾਲਜ ਅਤੇ ਹਸਪਤਾਲ ਹਨ। ਭਾਵੇਂ ਹੀ ਸਰਕਾਰ ਨੇ ਪਿਛਲੇ ਵਿੱਤੀ ਸਾਲ ਵਿਚ ਸਿਹਤ ਸੇਵਾ ’ਤੇ 1000 ਕਰੋੜ ਰੁਪਏ ਖ਼ਰਚ ਕਰਨ ਦਾ ਦਾਅਵਾ ਕੀਤਾ ਹੈ ਪਰ 17 ਜ਼ਿਲ੍ਹਿਆਂ ਵਿਚ ਇਕ ਵੀ ਆਈ. ਸੀ. ਯੂ. ਬੈੱਡ ਨਹੀਂ ਜੋੜਿਆ ਗਿਆ ਹੈ। ਸੂਬਾ ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਕੁਲ 2010 ਲੈਵਲ-3 ਬੈੱਡ ਹਨ, ਜਿਨ੍ਹਾਂ ਵਿਚ ਵੈਂਟੀਲੇਟਰ ਸਮੇਤ ਆਈ. ਸੀ. ਯੂ. ਉਪਲੱਬਧ ਹੈ। ਇਨ੍ਹਾਂ ’ਚੋਂ ਸਿਰਫ਼ 550 ਬੈੱਡ ਸਰਕਾਰੀ ਹਸਪਤਾਲਾਂ ’ਚ ਹਨ, ਜਦੋਂ ਕਿ ਬਾਕੀ 1460 ਬੈੱਡ ਪ੍ਰਾਈਵੇਟ ਵਿਚ ਹਨ। ਲੈਵਲ-2 ਬੈੱਡਾਂ ਦੀ ਗਿਣਤੀ 8842 ਹੈ, ਜਿਨ੍ਹਾਂ ਵਿਚੋਂ 4193 ਸਰਕਾਰੀ ਸਹੂਲਤਾਂ ਵਿਚ ਹਨ।
ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਚੁੱਕੇ ਜਾ ਰਹੇ ਕਦਮ
ਕੋਰੋਨਾ ਕੇਸਾਂ ਦੇ ਮਈ ਮਹੀਨੇ ਦੇ ਪਹਿਲੇ ਅਤੇ ਦੂਜੇ ਹਫ਼ਤੇ ’ਚ ਪੀਕ ’ਤੇ ਹੋਣ ਦੀ ਸੰਭਾਵਨਾ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਗਲੇ 10 ਦਿਨਾਂ ਵਿਚ 20 ਫ਼ੀਸਦੀ ਬੈੱਡ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਮਹਿਕਮਿਆਂ ਨੂੰ ਸਟੇਡੀਅਮ, ਜਿਮਨੇਜ਼ੀਅਮ ਅਤੇ ਹੋਰ ਥਾਂਵਾਂ ’ਤੇ ਮਰੀਜ਼ਾਂ ਦੇ ਇਲਾਜ ਲਈ ਤਿਆਰੀ ਕਰਨ ਨੂੰ ਕਿਹਾ ਹੈ। ਉਨ੍ਹਾਂ ਟੈਂਟ ਕੈਂਪ ਲਗਾਉਣ ਅਤੇ ਜਿਮ/ਹਾਲ ਨੂੰ ਲੈਵਲ-2 ਅਤੇ ਲੈਵਲ-3 ਸੁਵਿਧਾਯੁਕਤ ਬਣਾਉਣ ਲਈ ਕਿਹਾ ਹੈ। ਸਿਹਤ ਮੰਤਰੀ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ’ਤੇ ਸੂਬੇ ਵਿਚ ਲੈਵਲ-3 ਸਹੂਲਤਾਂ ਨਾਲ ਲੈਸ 300 ਬੈੱਡ ਵਧਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦਰਮਿਆਨ ਸ਼ਰਾਬ ਪੀਣ ਵਾਲਿਆਂ ਨੂੰ ਸਖ਼ਤ ਚਿਤਾਵਨੀ
ਹੈਲਥ ਐਜੂਕੇਸ਼ਨ ਸੈਕਟਰੀ ਡੀ. ਕੇ. ਤ੍ਰਿਪਾਠੀ ਨੇ ਕਿਹਾ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਆਈ.ਸੀ.ਯੂ. ਬੈੱਡਾਂ ਦੀ ਗਿਣਤੀ 343 ਤੋਂ ਵਧਾ ਕੇ 770 ਕਰ ਦਿੱਤੀ ਹੈ ਅਤੇ ਇਹ ਗਿਣਤੀ 900 ਬੈੱਡਾਂ ਤੱਕ ਵਧਾਈ ਜਾ ਰਹੀ ਹੈ। ਇਸ ਹਫ਼ਤੇ ਕੁਲ ਆਕਸੀਜਨ ਬੈੱਡਾਂ ਦੀ ਗਿਣਤੀ 1500 ਤੋਂ ਵਧਾ ਕੇ 1800 ਕਰ ਦਿੱਤੀ ਜਾਵੇਗੀ । ਹੈਲਥ ਸੈਕਟਰੀ ਹੁਸਨ ਲਾਲ ਨੇ ਦੱਸਿਆ ਕਿ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਲੈਵਲ-2 ਅਤੇ ਲੈਵਲ-3 ਸਮਰੱਥਾ ਨੂੰ ਮਜਬੂਤ ਕਰਨ ਲਈ 2000 ਬੈੱਡ ਜੋੜੇ ਜਾਣਗੇ, ਜਦੋਂ ਕਿ 900 ਬੈੱਡ ਸਰਕਾਰੀ ਮੈਡੀਕਲ ਕਾਲਜਾਂ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿਚ ਜੋੜੇ ਜਾਣਗੇ। 542 ਬੈੱਡ ਨਿਜੀ ਮੈਡੀਕਲ ਕਾਲਜਾਂ ਪਿਮਸ, ਗਿਆਨ ਸਾਗਰ, ਆਦੇਸ਼, ਡੀ. ਐੱਮ. ਸੀ. ਅਤੇ ਸੀ. ਐੱਮ. ਸੀ. ਵਿਚ ਜੋੜੇ ਜਾਣਗੇ। ਜ਼ਿਲਾ ਹਸਪਤਾਲਾਂ ਵਿਚ ਲੈਵਲ-2 ਦੇ 300 ਬੈੱਡ ਵੱਖਰੇ ਤੌਰ ’ਤੇ ਰੱਖੇ ਜਾਣਗੇ, ਜਦੋਂ ਕਿ 250 ਬੈੱਡ ਬਠਿੰਡਾ ਰਿਫਾਇਨਰੀ ਕੋਲ ਇਕ ਅਸਥਾਈ ਹਸਪਤਾਲ ਵਿਚ ਰੱਖੇ ਜਾਣਗੇ।
ਇਹ ਵੀ ਪੜ੍ਹੋ : ਮੋਹਾਲੀ : ਕੋਰੋਨਾ ਦੇ ਵੱਧ ਰਹੇ ਕੇਸਾਂ ਦਰਮਿਆਨ ਸਿਵਲ ਸਰਜਨ ਦੀ ਲੋਕਾਂ ਨੂੰ ਅਪੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?