ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ''ਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਮੀਤ ਹੇਅਰ

07/27/2022 10:11:13 PM

ਚੰਡੀਗੜ੍ਹ : ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਇਹ ਪੁਖ਼ਤਾ ਕਦਮ ਚੁੱਕਣ ਦਾ ਢੁੱਕਵਾਂ ਸਮਾਂ ਹੈ। ਇੱਥੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਫ਼ਤਰ ਵਿਖੇ ਪੰਜਾਬ ਪਬਲਿਕ ਵੇਸਟ ਮੈਨੇਜਮੈਂਟ ਸੁਸਾਇਟੀ ਨਾਲ ਸਬੰਧਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੀਤ ਹੇਅਰ ਨੇ ਕਿਹਾ, "ਚੌਗਿਰਦੇ ਦੀ ਸਾਂਭ-ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮੇ ਸੰਭਾਲ ਕੇ ਰੱਖੀਏ ਅਤੇ ਸ਼ੁੱਧ ਵਾਤਾਵਰਣ ਰੱਖੀਏ।"

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੀ ਤਰੱਕੀ ਵਾਸਤੇ ਉਦਯੋਗਿਕ ਵਿਕਾਸ ਲਈ ਵਚਨਬੱਧ ਹੈ ਪਰ ਇਸ ਦੇ ਨਾਲ ਹੀ ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਨਸ਼ਿਆਂ ਤੇ ਪ੍ਰਦੂਸ਼ਣ ਖ਼ਿਲਾਫ਼ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੈ। ਕੈਬਨਿਟ ਮੰਤਰੀ ਨੇ ਸੁਸਾਇਟੀ ਨੂੰ ਸਲਾਹ ਦਿੱਤੀ ਕਿ ਆਪਣੇ ਮੰਤਵ ਲਈ ਵੱਧ ਤੋਂ ਵੱਧ ਕੰਪਨੀਆਂ ਨੂੰ ਨਾਲ ਜੋੜਿਆ ਜਾਵੇ ਅਤੇ ਇਸ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਮਾਡਲ ਬਣਾਇਆ ਜਾਵੇ। ਲੋਕਾਂ ਵਿੱਚ ਇਸ ਬਾਰੇ ਵਿਆਪਕ ਜਾਗਰੂਕਤਾ ਦੀ ਲੋੜ ਹੈ ਤਾਂ ਕਿ ਇਸ ਨੂੰ ਜਨਤਕ ਲਹਿਰ ਬਣਾਇਆ ਜਾਵੇ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਨੂੰ ‘ਹਰਿਆ-ਭਰਿਆ ਪੰਜਾਬ’ ਬਣਾਉਣ ਦਾ ਮਿਸ਼ਨ ਸਾਕਾਰ ਹੋਵੇਗਾ।

ਖ਼ਬਰ ਇਹ ਵੀ : ਪੰਜਾਬ ਸਰਕਾਰ ਖਤਮ ਕਰੇਗੀ ਇਹ ਪੋਸਟ ਤਾਂ ਉਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪੜ੍ਹੋ TOP 10

ਮੀਤ ਹੇਅਰ ਨੇ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤਾਂ ਜੋ ਮਨੁੱਖੀ ਹੋਂਦ ਲਈ ਇਸ ਗੰਭੀਰ ਖ਼ਤਰੇ ਨੂੰ ਰੋਕਿਆ ਜਾ ਸਕੇ। ਇਸ ਗੰਭੀਰ ਮੁੱਦੇ ਨਾਲ ਨਜਿੱਠਣ ਲਈ ਆਪਣੇ ਵੱਲੋਂ ਸਹਿਯੋਗ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਨੇ ਬੋਰਡ ਦੇ ਮੈਂਬਰਾਂ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਸੂਬੇ ਵਿੱਚ ਕਿਤੇ ਵੀ ਸਫ਼ਾਈ ਲਈ ਕੋਈ ਪਹਿਲਕਦਮੀ ਕਰਨਗੇ ਤਾਂ ਉਹ ਉਨ੍ਹਾਂ ਦੀ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਤੋਂ ਸਾਫ਼-ਸੁਥਰਾ ਵਾਤਾਵਰਣ ਮਿਲਿਆ ਹੈ ਪਰ ਪਿਛਲੇ 20-25 ਸਾਲਾਂ 'ਚ ਪ੍ਰਦੂਸ਼ਣ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਲੋਕ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸੰਭਾਲਣ ਦਾ ਤਹੱਈਆ ਕਰਨ।

PunjabKesari

ਇਸ ਤੋਂ ਪਹਿਲਾਂ ਵਾਤਾਵਰਣ ਮੰਤਰੀ ਨੂੰ ਲਗਭਗ 5 ਸਾਲ ਪਹਿਲਾਂ ਬੋਰਡ ਦੁਆਰਾ ਬਣਾਈ ਇਸ ਸੁਸਾਇਟੀ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ ਗਿਆ ਤੇ ਕਿਹਾ ਗਿਆ ਕਿ ਇਹ ਬਹੁਪਰਤੀ ਪਲਾਸਟਿਕ ਨੂੰ ਇਕੱਠਾ ਕਰਨ ਅਤੇ ਨਿਪਟਾਰੇ ਲਈ ਪੂਰੇ ਦੇਸ਼ ਵਿੱਚ ਆਪਣੀ ਕਿਸਮ ਦੀ ਵਿਲੱਖਣ ਪਹਿਲਕਦਮੀ ਹੈ। ਸੁਸਾਇਟੀ ਨੇ ਮੰਤਰੀ ਨੂੰ ਪੈੱਨ ਹੋਲਡਰ, ਪੰਛੀਆਂ ਦਾ ਆਲ੍ਹਣਾ, ਬੋਰਡ ਅਤੇ ਪਲਾਸਟਿਕ ਦੇ ਕੂੜੇ ਤੋਂ ਬਣੇ ਹੋਰ ਉਤਪਾਦਾਂ ਤੋਂ ਇਲਾਵਾ ਜੂਟ ਅਤੇ ਕੱਪੜੇ ਦੇ ਥੈਲੇ ਵੀ ਭੇਟ ਕੀਤੇ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਸੂਬੇ ਭਰ ਦੀਆਂ ਮੰਡੀਆਂ 'ਚ ਲਾਏ ਜਾਣਗੇ ਸੋਲਰ ਪਾਵਰ ਪਲਾਂਟ

ਕੈਬਨਿਟ ਮੰਤਰੀ ਨੇ ਸੂਬੇ 'ਚ ਪਲਾਸਟਿਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬੋਰਡ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਬੋਰਡ ਅਤੇ ਸੁਸਾਇਟੀ ਨੂੰ ਪੰਜਾਬ ਭਰ ਵਿੱਚ ਐੱਮ.ਐੱਲ.ਪੀ. ਸਬੰਧੀ ਆਪਣੀਆਂ ਗਤੀਵਿਧੀਆਂ ਨੂੰ ਵਧਾਉਣ ਦੇ ਨਾਲ-ਨਾਲ ਹੋਰ ਪਲਾਸਟਿਕ ਵੇਸਟ ਕੁਲੈਕਸ਼ਨ ਨੂੰ ਵੀ ਆਪਣੇ ਦਾਇਰੇ ਵਿੱਚ ਸ਼ਾਮਲ ਕਰਨ ਲਈ ਕਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੇ ਨਾਲ-ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੇ ਮੁੱਖ ਵਾਅਦਿਆਂ 'ਚੋਂ ਇਕ ਹੈ।

ਬੋਰਡ ਦੇ ਅਧਿਕਾਰੀਆਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਵਾਤਾਵਰਣ ਮੰਤਰੀ ਦੀ ਨਿੱਜੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਇਕ ਅਹਿਮ ਪਹਿਲੂ ਹੈ। ਮੀਟਿੰਗ ਦੌਰਾਨ ਬੋਰਡ ਦੇ ਮੈਂਬਰ ਸਕੱਤਰ ਇੰਜੀਨੀਅਰ ਕਰੁਨੇਸ਼ ਗਰਗ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ। ਮੀਟਿੰਗ ਵਿੱਚ ਉਦਯੋਗਾਂ ਦੇ ਨੁਮਾਇੰਦੇ ਅਤੇ ਸੁਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News