ਲੁਧਿਆਣਾ 'ਚ ਟ੍ਰੈਫਿਕ ਨਿਯਮ ਤੋੜਨ 'ਤੇ ਨਹੀਂ ਮਿਲੇਗਾ ਕੈਨੇਡਾ ਦਾ ਵੀਜ਼ਾ!

01/26/2020 10:13:52 AM

ਲੁਧਿਆਣਾ— ਪੰਜਾਬ ਦੇ ਲੋਕਾਂ 'ਚ ਸਭ ਤੋਂ ਵੱਧ ਕ੍ਰੇਜ਼ ਕੈਨੇਡਾ ਤੇ ਆਸਟ੍ਰੇਲੀਆ ਜਾਣ ਨੂੰ ਰਹਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਟ੍ਰੈਫਿਕ ਨਿਯਮ ਤੋੜਨ 'ਤੇ ਤੁਹਾਨੂੰ ਇਨ੍ਹਾਂ ਦਾ ਵੀਜ਼ਾ ਮਿਲਣਾ ਮੁਸ਼ਕਲ ਹੋ ਸਕਦਾ ਹੈ। ਜੀ ਹਾਂ, ਲੁਧਿਆਣਾ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਕੈਨੇਡਾ, ਆਸਟ੍ਰੇਲੀਆ ਦਾ ਵੀਜ਼ਾ ਮਿਲਣਾ ਮੁਸ਼ਕਲ ਹੋ ਸਕਦਾ ਹੈ। ਲੁਧਿਆਣਾ ਪੁਲਸ ਨੇ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਖਾਸ ਮੁਹਿੰਮ ਚਲਾਈ ਹੈ।

 

ਕਿਹਾ ਜਾ ਰਿਹਾ ਹੈ ਕਿ ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ ਉਨ੍ਹਾਂ ਲੋਕਾਂ ਦਾ ਟ੍ਰੈਫਿਕ ਨਿਯਮ ਤੋੜਨ ਸੰਬੰਧੀ ਵੀ ਰਿਕਾਰਡ ਮੰਗ ਰਹੇ ਹਨ, ਜੋ ਲੰਮੇ ਸਮੇਂ ਲਈ ਵੀਜ਼ਾ ਚਾਹੁੰਦੇ ਹਨ।

ਪਿਛਲੇ ਇਕ ਸਾਲ ਤੋਂ ਪੁਲਸ ਨੂੰ ਹਰ ਮਹੀਨੇ ਦੂਤਘਰਾਂ ਤੋਂ ਫੋਨ ਆ ਰਹੇ ਹਨ, ਜਿਸ 'ਚ ਉਨ੍ਹਾਂ ਕੋਲੋਂ ਵੀਜ਼ਾ ਅਪਲਾਈ ਕਰਨ ਵਾਲੇ ਲੋਕਾਂ ਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਪੁਲਸ ਕੋਲ ਚਾਲਾਨਾਂ ਦਾ ਸਾਰਾ ਰਿਕਾਰਡ ਡਿਜੀਟਲ ਫਾਰਮੈਟ 'ਚ ਹੈ। ਇਸ ਲਈ ਸਾਵਧਾਨ ਰਹੋ ਜੇਕਰ ਤੁਸੀਂ ਵੀ ਟ੍ਰੈਫਿਕ ਨਿਯਮ ਤੋੜ ਰਹੇ ਹੋ ਤਾਂ ਤੁਹਾਡਾ ਰਿਕਾਰਡ ਸੰਬੰਧਤ ਅਥਾਰਟੀਜ਼ ਨਾਲ ਸਾਂਝਾ ਕਰਨ 'ਚ ਕੋਈ ਦੇਰੀ ਨਹੀਂ ਹੋਵੇਗੀ ਤੇ ਤੁਹਾਡਾ ਬਣਦਾ-ਬਣਦਾ ਕੰਮ ਰਹਿ ਸਕਦਾ ਹੈ।
ਪੁਲਸ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬਹਾਲ ਕਰਨ ਲਈ ਇਸ ਨੂੰ ਇਕ ਟੂਲ ਵਜੋਂ ਇਸਤੇਮਾਲ ਕਰ ਰਹੀ ਹੈ ਕਿਉਂਕਿ ਲੁਧਿਆਣਾ ਤੋਂ ਕਈ ਲੋਕ ਵਿਦੇਸ਼ 'ਚ ਨਾਗਰਿਕਤਾ ਜਾਂ ਲੰਬੇ ਸਮੇਂ ਦੇ ਵੀਜ਼ਾ ਲਈ ਅਪਲਾਈ ਕਰਦੇ ਰਹਿੰਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਲੁਧਿਆਣਾ 'ਚ ਇਹ ਮਾਡਲ ਸਫਲ ਰਿਹਾ ਤਾਂ ਇਸ ਨੂੰ ਦੂਜੇ ਸ਼ਹਿਰ ਵੀ ਅਪਣਾ ਸਕਦੇ ਹਨ, ਯਾਨੀ ਕਿ ਜੇਕਰ ਤੁਸੀਂ ਵੀ ਬਾਹਰ ਜਾਣਾ ਹੈ ਤਾਂ ਹੁਣ ਤੋਂ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਸ਼ੁਰੂ ਕਰ ਦਿਓ, ਨਹੀਂ ਤਾਂ ਵੀਜ਼ਾ ਮਿਲਣਾ ਮੁਸ਼ਕਲ ਹੋਵੇਗਾ।


Related News