ਜਲੰਧਰ 'ਚ ਅੱਜ ਤੋਂ ਲਾਗੂ ਹੋਇਆ ‘ਨੋ ਆਟੋ ਜ਼ੋਨ’, ਰੋਡ ’ਤੇ ਲੱਗੇ ਟਰੈਫਿਕ ਪੁਲਸ ਦੇ ਨਾਕੇ, ਜਨਤਾ ਪਰੇਸ਼ਾਨ
Thursday, Jan 19, 2023 - 01:50 PM (IST)
ਜਲੰਧਰ (ਵਰੁਣ)– ਜਲੰਧਰ 'ਚ ਅੱਜ ਸਵੇਰੇ 9 ਵਜੇ ਤੋਂ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਤੱਕ ਦੀ ਰੋਡ ’ਤੇ ‘ਨੋ ਆਟੋ ਜ਼ੋਨ’ ਲਾਗੂ ਕਰ ਦਿੱਤਾ ਗਿਆ ਹੈ। ਆਟੋ ਅਤੇ ਈ-ਰਿਕਸ਼ਾ ਨੂੰ ਰੋਕਣ ਲਈ 5 ਤੋਂ 6 ਟਰੈਫਿਕ ਪੁਲਸ ਦੇ ਨਾਕੇ ਲੱਗੇ। ਇਸ ਦੌਰਾਨ ਜੇਕਰ ਕਿਸੇ ਆਟੋ ਜਾਂ ਫਿਰ ਈ-ਰਿਕਸ਼ਾ ਵਾਲੇ ਨੇ ਪੁਲਸ ਨੂੰ ਚਕਮਾ ਦੇ ਕੇ ਐਂਟਰੀ ਕਰ ਵੀ ਲਈ ਤਾਂ ਫੜੇ ਜਾਣ ’ਤੇ ਉਹ ਆਟੋ ਜਾਂ ਫਿਰ ਈ-ਰਿਕਸ਼ਾ ਇੰਪਾਊਂਡ ਕਰ ਲਿਆ ਜਾਵੇਗਾ। ਇਸ ਦੌਰਾਨ ਪੁਲਸ ਵੱਲੋਂ ਚਲਾਨ ਵੀ ਕੱਟੇ ਜਾ ਰਹੇ ਹਨ ਅਤੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਇਕ ਐੱਨ. ਜੀ. ਓ. ਦੀ ਮਦਦ ਨਾਲ ਉਹ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਂਕ ਤੱਕ ਟਰੈਫਿਕ ਕੋਣ ਵੀ ਲਗਵਾ ਰਹੇ ਹਨ ਤਾਂ ਜੋ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਜਲਦ ਹੀ ਟਰੈਫਿਕ ਕੋਣ ਲੱਗਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਟਰੈਫਿਕ ਪੁਲਸ ਕੁਝ ਯੂ-ਟਰਨ ਪੁਆਇੰਟਸ ਵੀ ਬੰਦ ਕਰ ਸਕਦੀ ਹੈ ਕਿਉਂਕਿ ਨਾਜਾਇਜ਼ ਬਣੇ ਯੂ-ਟਰਨ ਪੁਆਇੰਟਸ ਕਾਰਨ ਵੀ ਕਾਫ਼ੀ ਜਾਮ ਲੱਗਦਾ ਹੈ। ਹਾਲਾਂਕਿ ਸ਼੍ਰੀ ਰਾਮ ਚੌਕ ਤੋਂ ਭਗਵਾਨ ਵਾਲਮੀਕਿ ਚੌਂਕ ਤੱਕ ਰੇਹੜੀ ਵਾਲਿਆਂ ਨੂੰ ਆਪਣੀਆਂ ਰੇਹੜੀਆਂ ਖੜ੍ਹਾ ਕਰਨ ਦੀ ਥਾਂ ਬੁੱਕ ਰੱਖਣ ਲਈ ਮਲਬੇ ਦੀਆਂ ਬੋਰੀਆਂ ਵੀ ਰੱਖਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ਕਾਰਨ ਸੜਕ ਦਾ ਕੁਝ ਹਿੱਸਾ ਬਲਾਕ ਕਰ ਿਦੱਤਾ ਜਾਂਦਾ ਹੈ। ਏ. ਡੀ. ਸੀ. ਪੀ. ਟਰੈਫਿਕ ਚਾਹਲ ਨੇ ਕਿਹਾ ਕਿ ਉਕਤ ਰੋਡ ਤੋਂ ਕਬਜ਼ੇ ਹਟਾਉਣ ਦਾ ਕੰਮ ਵੀ ਜਲਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ, ਪੁਲਸ ਦੇ ਸਾਹਮਣੇ ਭਿੜੀਆਂ ਦੋ ਧਿਰਾਂ
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ: ਬਿਜਲੀ ਦਫ਼ਤਰ 'ਚ ਪਿਆ ਡਾਕਾ, ਲੁਟੇਰਿਆਂ ਨੇ ਬੰਧਕ ਬਣਾਏ ਮੁਲਾਜ਼ਮ, ਲੱਖਾਂ ਦੀ ਚੋਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ