ਪਟਨਾ 'ਚ ਦਸਮ ਪਿਤਾ ਦਾ ਪੈਦਾ ਹੋਣਾ ਬਿਹਾਰ ਲਈ ਮਾਣ ਵਾਲੀ ਗੱਲ : ਨਿਤੀਸ਼ ਕੁਮਾਰ (ਵੀਡੀਓ)
Sunday, Jan 13, 2019 - 05:55 PM (IST)
ਪਟਨਾ— ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਪੁੱਜੇ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਇੱਥੇ ਹੋਇਆ। ਇਹ ਜੋ ਬਾਲਾ ਲੀਲਾ ਗੁਰਦੁਆਰਾ ਹੈ, ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ ਅਤੇ ਇੱਥੇ ਹੀ ਉਹ ਬਚਪਨ ਵਿਚ ਖੇਡੇ-ਮਲੇ। ਇੱਥੇ ਆਉਣ ਤੋਂ ਬਾਅਦ ਇੰਨੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਉਸ ਦੀ ਕਲਪਨਾ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਸੇਵਾਦਾਰ ਸ਼ਰਧਾ-ਭਾਵਨਾ ਨਾਲ ਸ਼ਰਧਾਲੂਆਂ ਦੀ ਸੇਵਾ ਕਰ ਰਹੇ ਹਨ, ਹੁਣ ਸ਼ਰਧਾਲੂਆਂ ਦੀ ਗਿਣਤੀ ਵਧ ਰਹੀ ਹੈ। ਬਾਹਰ ਤੋਂ ਜੋ ਵੀ ਸ਼ਰਧਾਲੂ ਆਉਣ ਆਏ ਹਨ, ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਸੂਬਾ ਸਰਕਾਰ ਨੇ ਖਾਸ ਪ੍ਰਬੰਧ ਕੀਤੇ ਹਨ। ਪ੍ਰਕਾਸ਼ ਪੁਰਬ ਨੂੰ ਲੈ ਕੇ ਅਸੀਂ ਪ੍ਰੋਗਰਾਮਾਂ ਵਿਚ ਸਹਿਯੋਗ ਕਰਨ ਵਿਚ ਸ਼ਾਮਲ ਹੋਏ, ਉਸ ਤੋਂ ਮਨ ਨੂੰ ਬਹੁਤ ਖੁਸ਼ੀ ਹੋਈ। ਜੋ ਕੁਝ ਵੀ ਅਸੀਂ ਕੀਤਾ ਹੈ ਇਹ ਸਭ ਗੁਰੂ ਮਹਾਰਾਜ ਦੀ ਕ੍ਰਿਪਾ ਹੈ ਕਿ ਉਨ੍ਹਾਂ ਨੇ ਇਹ ਮੌਕਾ ਦਿੱਤਾ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।