ਭਾਰਤ-ਪਾਕਿ ਬਾਰਡਰ ''ਤੇ ਯੋਗਾ ਕਰਨਗੇ ਭਾਜਪਾ ਦੇ ਕੌਮੀ ਪ੍ਰਧਾਨ, ਜਾਣੋ ਪੰਜਾਬ ਦੌਰੇ ਦਾ ਪੂਰਾ ਸ਼ਡਿਊਲ

Monday, Jun 15, 2026 - 11:16 AM (IST)

ਭਾਰਤ-ਪਾਕਿ ਬਾਰਡਰ ''ਤੇ ਯੋਗਾ ਕਰਨਗੇ ਭਾਜਪਾ ਦੇ ਕੌਮੀ ਪ੍ਰਧਾਨ, ਜਾਣੋ ਪੰਜਾਬ ਦੌਰੇ ਦਾ ਪੂਰਾ ਸ਼ਡਿਊਲ

ਚੰਡੀਗੜ੍ਹ (ਅੰਕੁਰ)- ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਵੇਰੇ ਅੰਮ੍ਰਿਤਸਰ ’ਚ ਪਾਰਟੀ ਵਰਕਰਾਂ ਨਾਲ ਭਾਰਤ-ਪਾਕਿਸਤਾਨ ਸਰਹੱਦ ’ਤੇ ਯੋਗਾ ਕਰਨਗੇ। ਉਹ 20 ਤੋਂ 22 ਜੂਨ ਤੱਕ ਤਿੰਨ ਦਿਨਾਂ ਦੇ ਪੰਜਾਬ ਦੌਰੇ ’ਤੇ ਆ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਦੀਆਂ ਉਪਲਬਧੀਆਂ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਪੰਜਾਬ ਆ ਰਹੇ ਹਨ। ਇਸ ਸਬੰਧੀ ਪ੍ਰੋਗਰਾਮ 'ਤੇ ਅੰਤਮ ਮੋਹਰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪਾਰਟੀ ਦੇ ਸੂਬਾਈ ਜਨਰਲ ਸਕੱਤਰਾਂ ਨਾਲ ਅਹਿਮ ਮੀਟਿੰਗ ਦੌਰਾਨ ਲੱਗੀ। 

ਨਿਤਿਨ ਨਬੀਨ 20 ਜੂਨ ਨੂੰ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮਤੀਰਥ ਵਿਖੇ ਨਤਮਸਤਕ ਹੋਣਗੇ। ਉਸੇ ਸ਼ਾਮ ਉਹ ਅੰਮ੍ਰਿਤਸਰ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਰਾਤ ਦੇ ਭੋਜਨ ’ਚ ਸ਼ਾਮਲ ਹੋਣਗੇ। 21 ਜੂਨ ਨੂੰ ਯੋਗ ਦਿਵਸ ਮੌਕੇ ਉਹ ਇਕ ਯੋਗ ਕੈਂਪ ’ਚ ਹਿੱਸਾ ਲੈਣ ਤੋਂ ਬਾਅਦ ਜਲੰਧਰ ’ਚ ਪੰਜਾਬ ਦੇ ਸੰਤ ਸਮਾਜ ਵੱਲੋਂ ਕਰਵਾਏ ਜਾ ਰਹੇ ਇਕ ਵਿਸ਼ਾਲ ਸਮਾਗਮ ’ਚ ਸ਼ਿਰਕਤ ਕਰਨਗੇ। ਉਹ ਸ਼ਾਮ ਨੂੰ ਜਲੰਧਰ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਰਾਤ ਦੇ ਭੋਜਨ ’ਚ ਵੀ ਹਿੱਸਾ ਲੈਣਗੇ।

22 ਜੂਨ ਨੂੰ ਉਹ ਲੁਧਿਆਣਾ ’ਚ ਸੂਬਾਈ ਭਾਜਪਾ ਕੋਰ ਕਮੇਟੀ, ਸੂਬਾ ਕਾਰਜਕਾਰਨੀ, ਜ਼ਿਲ੍ਹਾ ਪ੍ਰਧਾਨਾਂ ਅਤੇ ਸ਼ਕਤੀ ਕੇਂਦਰਾਂ ਦੀਆਂ ਮੀਟਿੰਗਾਂ ’ਚ ਸ਼ਾਮਲ ਹੋਣ ਤੋਂ ਬਾਅਦ ਚੰਡੀਗੜ੍ਹ ’ਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਰਾਤ ਦੇ ਭੋਜਨ ’ਚ ਸ਼ਾਮਲ ਹੋਣਗੇ।


author

Anmol Tagra

Content Editor

Related News